ਲਾਰੈਂਸ ਬਿਸ਼ਨੋਈ ਨੂੰ ਮੁੜ ਅੱਜ ਅੰਮ੍ਰਿਤਸਰ ਅਦਾਲਤ 'ਚ ਕੀਤਾ ਜਾਵੇਗਾ ਪੇਸ਼, ਵੱਡੀ ਗਿਣਤੀ 'ਚ ਪੁਲਿਸ ਫੋਰਸ ਤੈਨਾਤ
ਅੰਮ੍ਰਿਤਸਰ: ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਭਾਰੀ ਸੁਰੱਖਿਆ ਦੇ ਵਿਚਕਾਰ ਪੁਲਿਸ ਐਤਵਾਰ ਰਾਤ ਨੂੰ ਅੰਮ੍ਰਿਤਸਰ ਲੈ ਕੇ ਪਹੁੰਚੀ। ਸੁਰੱਖਿਆ ਦਰਮਿਆਨ ਉਸ ਨੂੰ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵਿੱਚ ਰੱਖਿਆ ਗਿਆ ਹੈ, ਜਿੱਥੋਂ ਉਸ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਸੋਮਵਾਰ ਸਵੇਰੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਦੱਸ ਦੇਈਏ ਕਿ ਰਾਣਾ ਕੰਦੋਵਾਲੀਆ ਦੇ ਕਤਲ ਕੇਸ ਵਿੱਚ ਬਿਸ਼ਨੋਈ ਨੂੰ ਪੁਲਿਸ ਨੇ ਦੋ ਵਾਰ ਰਿਮਾਂਡ ’ਤੇ ਲਿਆ ਸੀ। ਅੱਜ ਇਕ ਵਾਰ ਫੇਰ ਉਸਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਜਿਸ ਤੋਂ ਬਾਅਦ ਉਸਨੂੰ ਖਰੜ ਲੈ ਜਾ ਕੇ ਉੱਥੇ ਪੁੱਛਗਿੱਛ ਕੀਤੀ ਜਾਵੇਗੀ।
ਬਿਸ਼ਨੋਈ ਦਾ ਅੰਮ੍ਰਿਤਸਰ ਰਿਮਾਂਡ ਹਾਸਲ ਕਰਨ ਤੋਂ ਬਾਅਦ ਉਸ ਨੂੰ ਖਰੜ ਲੈ ਜਾਣ ਦੇ ਸਵਾਲ 'ਤੇ ਡੀਸੀਪੀ ਨੇ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ ਉਥੇ ਹੀ ਪੁੱਛਗਿੱਛ ਕੀਤੀ ਜਾ ਰਹੀ ਹੈ। 6 ਜੁਲਾਈ ਨੂੰ ਅੰਮ੍ਰਿਤਸਰ ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ ਪੰਜ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਸੀ। ਰਾਣਾ ਕੰਦੋਵਾਲੀਆ ਕਤਲ ਮਾਮਲੇ 'ਚ ਜਾਂਚ ਅੱਗੇ ਵਧਾਉਣ 'ਤੇ ਹੋਰ ਕੜੀਆਂ ਜੋੜਨ ਲਈ ਅੰਮ੍ਰਿਤਸਰ ਪੁਲਿਸ ਨੂੰ ਲਾਰੈਂਸ ਦਾ ਰਿਮਾਂਡ ਮਿਲਿਆ ਸੀ। ਅੱਜ ਰਿਮਾਂਡ ਖਤਮ ਹੋਣ 'ਤੇ ਲਾਰੈਂਸ ਨੂੰ ਮੁੜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।