ਲਾਰੈਂਸ ਬਿਸ਼ਨੋਈ ਨੂੰ ਸਤਾਉਣ ਲੱਗਾ ਪੰਜਾਬ ਪੁਲਿਸ ਵੱਲੋਂ ਫ਼ਰਜ਼ੀ ਐਨਕਾਊਂਟਰ ਦਾ ਖ਼ਦਸ਼ਾ, ਪਹੁੰਚਿਆ ਅਦਾਲਤ
ਨਵੀਂ ਦਿੱਲੀ, 30 ਮਈ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਹੱਤਿਆਕਾਂਡ 'ਚ ਤਿਹਾੜ ਜੇਲ੍ਹ 'ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦਾ ਹੱਥ ਸਾਹਮਣੇ ਆਉਣ ਤੋਂ ਬਾਅਦ ਉਸ ਨੇ ਪੰਜਾਬ ਪੁਲਸ ਦੀ ਧਮਕੀ ਦਾ ਹਵਾਲਾ ਦਿੰਦੇ ਹੋਏ ਮਕੋਕਾ ਅਦਾਲਤ ਦਾ ਰੁਖ ਕੀਤਾ ਹੈ। ਲਾਰੈਂਸ ਬਿਸ਼ਨੋਈ ਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਅਰਜ਼ੀ ਦਾਇਰ ਕਰਕੇ ਕਿਹਾ ਹੈ ਕਿ ਪੰਜਾਬ ਪੁਲਿਸ ਉਸ ਦਾ ਐਨਕਾਊਂਟਰ ਕਰ ਸਕਦੀ ਹੈ।
ਇਹ ਵੀ ਪੜ੍ਹੋ: ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚੀ ਮੰਗ ਪਟੀਸ਼ਨ
ਉਸਨੇ ਕਿਹਾ ਕਿ ਮੇਰੀ ਦੀ ਕਸਟਡੀ ਪੰਜਾਬ ਜਾਂ ਕਿਸੇ ਹੋਰ ਸੂਬੇ ਦੀ ਪੁਲਿਸ ਨੂੰ ਨਾ ਦਿੱਤੀ ਜਾਵੇ। ਸਿੱਧੂ ਮੂਸੇਵਾਲਾ ਹੱਤਿਆਕਾਂਡ ਤੋਂ ਬਾਅਦ ਅੱਜ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਤਿਹਾੜ ਪ੍ਰਸ਼ਾਸਨ ਨਾਲ ਮਿਲ ਕੇ ਲਾਰੇਂਸ ਬਿਸ਼ਨੋਈ, ਸੰਪਤ ਨਹਿਰਾ ਅਤੇ ਜੱਗੂ ਭਗਵਾਨਪੁਰੀਆ ਦੀਆਂ ਬੈਰਕਾਂ ਦੀ ਤਲਾਸ਼ੀ ਲਈ। ਹਾਲਾਂਕਿ ਤਲਾਸ਼ੀ ਦੌਰਾਨ ਕੋਈ ਮੋਬਾਈਲ ਬਰਾਮਦ ਨਹੀਂ ਹੋਇਆ। ਸੰਪਤ ਨਹਿਰਾ ਅਤੇ ਲਾਰੈਂਸ ਤਿਹਾੜ ਜੇਲ੍ਹ ਨੰਬਰ 8 ਵਿੱਚ ਬੰਦ ਹਨ, ਜਦੋਂ ਕਿ ਜੱਗੂ ਜੇਲ੍ਹ ਨੰਬਰ 5 ਵਿੱਚ ਬੰਦ ਹੈ।
ਆਪਣੀ ਗੁਹਾਰ ਵਿਚ ਲਾਰੈਂਸ ਨੇ ਇਹ ਵੀ ਕਿਹਾ ਹੈ ਕਿ ਉਸਦਾ ਕੋਈ ਸੋਸ਼ਲ ਮੀਡੀਆ ਅਕਾਊਂਟ ਨਹੀਂ ਹੈ ਅਤੇ ਕਿਸੇ ਨੇ ਉਸਦਾ ਜਾਅਲੀ ਅਕਾਊਂਟ ਬਣਾ ਕੇ ਉਸਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਦੇ ਨਾਲ ਹੀ ਕੈਨੇਡੀਅਨ ਗੈਂਗਸਟਰ ਗੋਲਡੀ ਬਰਾੜ ਦੀ ਵੀ ਇੱਕ ਪੋਸਟ ਵਾਇਰਲ ਜਾ ਰਹੀ ਹੈ ਜਿਸ ਵਿਚ ਉਸਨੇ ਕਿਹਾ ਸੀ ਕਿ ਲਾਰੈਂਸ ਗਰੁੱਪ ਨਾਲ ਰੱਲ ਕਿ ਉਸਦੇ ਬੰਦਿਆਂ ਨੇ ਇਸ ਕਤਲਕਾਂਡ ਨੂੰ ਅੰਜਾਮ ਦਿੱਤਾ।
ਹਾਲਾਂਕਿ ਦੱਸ ਦੇਈਏ ਕਿ ਗੋਲਡੀ ਬਰਾੜ ਨੇ ਡੀਜੀਪੀ ਪੰਜਾਬ ਵੱਲੋਂ ਉਕਤ ਜਾਣਕਾਰੀ ਨੂੰ ਅਧਿਕਾਰਿਤ ਤੌਰ 'ਤੇ ਸਾਂਝੇ ਕਰਨ ਤੋਂ ਬਾਅਦ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਲਾਈਵ ਹੋਇਆ ਤੇ ਕਿਹਾ ਕਿ ਉਸਦਾ ਇਸ ਹੱਤਿਆਕਾਂਡ ਵਿਚ ਹੱਥ ਨਹੀਂ ਹੈ ਅਤੇ ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ।
ਇਸ ਖ਼ਬਰ ਵਿਚ ਕਿੰਨੀ ਸਚਾਈ ਹੈ ਇਸਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਇਹ ਵੀ ਹੋ ਸਕਦਾ ਕਿ ਐਨਕਾਊਂਟਰ ਦੇ ਡਰ ਤੋਂ ਇਹ ਦੋਵੇਂ ਗੈਂਗਸਟਰ ਹੁਣ ਇਹ ਗੱਲ ਕਹਿ ਰਹੇ ਹੋਣ, ਸੱਚ ਕੀ ਹੈ ਇਹ ਤਾਂ ਸਮੇਂ ਦੇ ਨਾਲ ਹੀ ਪਤਾ ਲੱਗ ਸਕੇਗਾ।