ਲੰਗਰ ਸ੍ਰੀ ਗੁਰੂ ਰਾਮਦਾਸ ਜੀ: ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਕੀਤੀ ਮਿਸਾਲੀ ਕਾਰਵਾਈ, 51 ਮੁਲਾਜ਼ਮ ਮੁਅੱਤਲ
Punjab News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਬੀਤੇ ਸਮੇਂ ਅੰਦਰ ਹੋਈਆਂ ਪ੍ਰਬੰਧਕੀ ਬੇਨਿਯਮੀਆਂ ਦੇ ਮਾਮਲੇ ’ਤੇ ਮਿਸਾਲੀ ਕਾਰਵਾਈ ਕਰਦਿਆਂ 51 ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਹੈ। ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਧਿਆਨ ਵਿਚ ਆਉਣ ’ਤੇ ਸ਼੍ਰੋਮਣੀ ਕਮੇਟੀ ਦੇ ਫਲਾਇੰਗ ਵਿਭਾਗ ਪਾਸੋਂ ਪੜਤਾਲ ਕਰਵਾਈ ਗਈ ਸੀ, ਜਿਸ ਦੀ ਰਿਪੋਰਟ ਅਨੁਸਾਰ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਅੱਤਲ ਕੀਤੇ ਗਏ ਮੁਲਾਜ਼ਮਾਂ ਵਿਚ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਉਸ ਸਮੇਂ ਦੌਰਾਨ ਤਾਇਨਾਤ ਰਹੇ ਮੈਨੇਜਰ, ਸੁਪਰਵਾਈਜ਼ਰ, ਸਟੋਰਕੀਪਰ ਅਤੇ ਡਿਊਟੀ ਨਿਭਾਉਂਦੇ ਰਹੇ ਗੁਰਦੁਆਰਾ ਇੰਸਪੈਕਟਰ ਆਦਿ ਸ਼ਾਮਲ ਹਨ।
ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਪ੍ਰਬੰਧਕੀ ਬੇਨਿਯਮੀਆਂ ਦਾ ਮਾਮਲਾ:
ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਕੀਤੀ ਮਿਸਾਲੀ ਕਾਰਵਾਈ, 51 ਮੁਲਾਜ਼ਮ ਮੁਅੱਤਲ@SGPCPresident#Langar #SriGuruRamdasJi #Sewa #Sikhs#SGPC #SGPCPresident #SGPCPresident2023 #HarjinderSinghDhami pic.twitter.com/684RrAENgI — Shiromani Gurdwara Parbandhak Committee (@SGPCAmritsar) July 4, 2023
ਭਗਵੰਤ ਸਿੰਘ ਧੰਗੇੜਾ ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਨਿਯੁਕਤ
ਇਸੇ ਦੌਰਾਨ ਭਗਵੰਤ ਸਿੰਘ ਧੰਗੇੜਾ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਨਿਯੁਕਤ ਕੀਤਾ ਗਿਆ ਹੈ। ਮੌਜੂਦਾ ਸਮੇਂ ਉਹ ਸ਼੍ਰੋਮਣੀ ਕਮੇਟੀ ਦੇ ਸਬ-ਆਫ਼ਿਸ ਚੰਡੀਗੜ੍ਹ ਵਿਖੇ ਇੰਚਾਰਜ ਵਜੋਂ ਤਾਇਨਾਤ ਸਨ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਨਵੇਂ ਜਨਰਲ ਮੈਨੇਜਰ ਵਜੋਂ ਭਗਵੰਤ ਸਿੰਘ ਧੰਗੇੜਾ ਦੇ ਨਾਲ-ਨਾਲ ਐਡੀਸ਼ਨਲ ਮੈਨੇਜਰ ਨਿਸ਼ਾਨ ਸਿੰਘ ਨੂੰ ਸਰਾਵਾਂ ਦੀ ਜ਼ੁੰਮੇਵਾਰੀ ਸੌਂਪੀ ਗਈ ਹੈ। ਇਸ ਦੇ ਨਾਲ ਹੀ ਮੈਨੇਜਰ ਨਰਿੰਦਰ ਸਿੰਘ ਨੂੰ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਤਾਇਨਾਤ ਕੀਤਾ ਗਿਆ ਹੈ। ਖਰੀਦ ਵਿਭਾਗ ਵਿਖੇ ਸੁਪਰਵਾਈਜ਼ਰ ਵਜੋਂ ਕਾਰਜਸ਼ੀਲ ਸਤਿੰਦਰ ਸਿੰਘ ਨੂੰ ਲੰਗਰ ਸ੍ਰੀ ਦਰਬਾਰ ਸਾਹਿਬ ਵਿਖੇ ਵਧੀਕ ਮੈਨੇਜਰ ਲਗਾ ਕੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਬੰਧ ਦਿੱਤਾ ਗਿਆ ਹੈ।
- PTC NEWS