ਲਖੀਮਪੁਰ ਖੀਰੀ ਹਿੰਸਾ ਮਾਮਲੇ ਦੇ ਗਵਾਹ ਤੇ ਬੀਕੇਯੂ ਦੇ ਆਗੂ ਦਿਲਬਾਗ ਸਿੰਘ 'ਤੇ ਜਾਨਲੇਵਾ ਹਮਲਾ

By  Jasmeet Singh June 1st 2022 03:46 PM

ਨਵੀਂ ਦਿੱਲੀ, 1 ਜੂਨ: ਲਖੀਮਪੁਰ ਖੀਰੀ ਹਿੰਸਾ ਮਾਮਲੇ ਦੇ ਗਵਾਹ ਰਹੇ ਕਿਸਾਨ ਆਗੂ ਦਿਲਬਾਗ ਸਿੰਘ ਨੂੰ ਉੱਤਰ ਪ੍ਰਦੇਸ਼ ਵਿੱਚ ਮੰਗਲਵਾਰ ਦੇਰ ਰਾਤ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਦਿੱਤੀ। ਹਾਲਾਂਕਿ ਕਿ ਉਹ ਇਸ ਹਮਲੇ 'ਚ ਵਾਲ-ਵਾਲ ਬਚ ਗਏ ਅਤੇ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪੜ੍ਹੋ: ਨੀਰਜ ਬਵਾਨਾ ਗੈਂਗ ਦੀ ਧਮਕੀ- 2 ਦਿਨਾਂ 'ਚ ਲਵਾਂਗਾ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਇਹ ਹਮਲਾ ਮੰਗਲਵਾਰ ਰਾਤ ਉਸ ਸਮੇਂ ਹੋਇਆ ਜਦੋਂ ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਜ਼ਿਲ੍ਹਾ ਪ੍ਰਧਾਨ ਆਪਣੀ ਕਾਰ ਵਿੱਚ ਗੋਲਾ ਕੋਤਵਾਲੀ ਖੇਤਰ ਵਿੱਚ ਅਲੀਗੰਜ-ਮੁਡਾ ਰੋਡ ਤੋਂ ਘਰ ਪਰਤ ਰਹੇ ਸਨ, ਉਸੇ ਵੇਲੇ ਬਾਈਕ ਸਵਾਰ ਹਮਲਾਵਰਾਂ ਨੇ ਗੱਡੀ 'ਤੇ ਗੋਲੀਆਂ ਚਲਾ ਦਿੱਤੀਆਂ। ਦੱਸ ਦੇਈਏ ਕਿ ਹਮਲੇ ਵਿੱਚ ਸਿੰਘ ਨੂੰ ਕੋਈ ਸੱਟ ਨਹੀਂ ਲੱਗੀ। ਦਿਲਬਾਗ ਸਿੰਘ 3 ਅਕਤੂਬਰ 2021ਨੂੰ ਵਾਪਰੀ ਟਿਕੁਨੀਆ ਹਿੰਸਾ ਦੇ ਗਵਾਹਾਂ ਵਿੱਚੋਂ ਇੱਕ ਹਨ, ਜਿਸ ਵਿੱਚ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਨੂੰ ਇੱਕ ਕਾਰ ਨੇ ਰੌਂਦ ਦਿੱਤਾ ਸੀ ਜੋ ਕਥਿਤ ਤੌਰ 'ਤੇ ਕੇਂਦਰੀ ਮੰਤਰੀ ਅਜੈ ਮਿਸ਼ਰਾ, ਆਸ਼ੀਸ਼ ਮਿਸ਼ਰਾ ਨੂੰ ਲੈ ਕੇ ਜਾ ਰਹੇ ਕਾਫਲੇ ਦਾ ਹਿੱਸਾ ਸੀ। ਘਟਨਾ ਦੇ ਸਬੰਧ 'ਚ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਦੇ ਅਨੁਸਾਰ ਕਿਸਾਨਾਂ ਦੁਆਰਾ ਜਵਾਬੀ ਹਿੰਸਾ ਵਿੱਚ ਤਿੰਨ ਹੋਰ ਲੋਕ, ਜਿਨ੍ਹਾਂ ਵਿੱਚੋਂ ਕੁਝ ਭਾਜਪਾ ਦੇ ਮੈਂਬਰ ਸਨ, ਮਾਰੇ ਗਏ ਸਨ। ਪ੍ਰਸਿੱਧ ਅਖ਼ਬਾਰ ਦੈਨਿਕ ਭਾਸਕਰ ਮੁਤਾਬਕ ਲਖੀਮਪੁਰ ਖੀਰੀ ਹਿੰਸਾ ਮਾਮਲੇ ਦੇ ਦੋ ਹੋਰ ਗਵਾਹਾਂ 'ਤੇ ਵੀ ਪਿਛਲੇ ਦਿਨੀਂ ਹਮਲੇ ਹੋ ਚੁੱਕੇ ਹਨ। ਸਿੰਘ ਦਾ ਕਹਿਣਾ ਕਿ ਉਸਨੇ ਆਪਣੇ ਅਧਿਕਾਰਤ ਗੰਨਮੈਨ ਨੂੰ ਛੁੱਟੀ 'ਤੇ ਭੇਜ ਦਿੱਤਾ ਸੀ ਕਿਉਂਕਿ ਉਸ ਦਾ ਪੁੱਤਰ ਉਸ ਦਿਨ ਅਚਾਨਕ ਬਿਮਾਰ ਹੋ ਗਿਆ ਸੀ। ਹਮਲੇ ਤੋਂ ਤੁਰੰਤ ਬਾਅਦ ਦਿਲਬਾਗ ਸਿੰਘ ਨੇ ਗੋਲਾ ਕੋਤਵਾਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਇਸ ਦੌਰਾਨ ਵਧੀਕ ਪੁਲਿਸ ਸੁਪਰਡੈਂਟ ਅਰੁਣ ਕੁਮਾਰ ਸਿੰਘ ਨੇ ਦੱਸਿਆ ਕਿ ਦਿਲਬਾਗ ਸਿੰਘ ਦੀ ਸ਼ਿਕਾਇਤ ’ਤੇ ਆਈਪੀਸੀ ਦੀਆਂ ਢੁਕਵੀਆਂ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਇਹ ਵੀ ਪੜ੍ਹੋ: ਈਡੀ ਵੱਲੋਂ ਮਨੀ ਲਾਂਡਰਿੰਗ ਮਾਮਲੇ 'ਚ ਸੋਨੀਆ ਅਤੇ ਰਾਹੁਲ ਗਾਂਧੀ ਨੂੰ ਸੰਮਨ ਉਨ੍ਹਾਂ ਕਿਹਾ ਕਿ ਫੋਰੈਂਸਿਕ ਟੀਮਾਂ ਗੱਡੀ ਅਤੇ ਵਾਰਦਾਤ ਵਾਲੀ ਥਾਂ ਦੀ ਜਾਂਚ ਕਰਨ ਅਤੇ ਸਬੂਤ ਇਕੱਠੇ ਕਰਨ ਲਈ ਮੌਕੇ 'ਤੇ ਭੇਜੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। -PTC News

Related Post