ਕੁਲਤਾਰ ਸਿੰਘ ਸੰਧਵਾਂ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ ਪੰਜਾਬ ਵਿਧਾਨ ਸਭਾ ਦਾ ਸਪੀਕਰ
Riya Bawa
March 21st 2022 04:14 PM --
Updated:
March 21st 2022 06:07 PM
ਚੰਡੀਗੜ੍ਹ: ਕੁਲਤਾਰ ਸਿੰਘ ਸੰਧਵਾਂ ਨੂੰ ਸਰਬਸੰਮਤੀ ਨਾਲ ਅੱਜ 16ਵੀਂ ਪੰਜਾਬ ਵਿਧਾਨ ਸਭਾ ਦਾ ਸਪੀਕਰ ਚੁਣਿਆ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੀਕਰ ਵਜੋਂ ਸੰਧਵਾਂ ਦੇ ਨਾਮ ਦੀ ਤਜਵੀਜ਼ ਰੱਖੀ ਜਿਸ ਦੀ ਹਮਾਇਤ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਕੀਤੀ। ਇਸ ਤੋਂ ਬਾਅਦ ਸੰਧਵਾਂ ਨੂੰ ਬਿਨਾਂ ਮੁਕਾਬਲੇ ਚੁਣ ਲਿਆ ਗਿਆ। ਨਵੇਂ ਚੁਣੇ ਸਪੀਕਰ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਸਦਨ ਵਿੱਚ ਆਪਣੇ ਪਹਿਲੇ ਭਾਸ਼ਣ ਦੌਰਾਨ ਭਰੋਸਾ ਦਿੱਤਾ ਕਿ ਸਦਨ ਦੀ ਕਾਰਵਾਈ ਦੀ ਲਾਈਵ ਸਟ੍ਰੀਮਿੰਗ ਨੂੰ ਯਕੀਨੀ ਬਣਾਉਣ ਲਈ ਪੁਖਤਾ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮੈਂਬਰਾਂ ਦੀ ਆਡੀਓ ਅਤੇ ਵੀਡੀਓ ਰਿਕਾਰਡਿੰਗ ਵੀ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਸਦਨ ਦੀ ਕਾਰਵਾਈ ਜਨਤਕ ਕੀਤੀ ਜਾ ਸਕੇ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਭਵਿੱਖ ਵਿੱਚ ਸਦਨ ਦੀ ਆਡੀਓ ਅਤੇ ਵੀਡੀਓ ਰਿਕਾਰਡਿੰਗ ਪੱਤਰਕਾਰਾਂ ਨੂੰ ਵੀ ਮੁਹੱਈਆ ਕਰਵਾਈ ਜਾਵੇਗੀ।
ਭਗਵੰਤ ਮਾਨ ਨੇ ਆਸ ਪ੍ਰਗਟਾਈ ਕਿ ਵਿਰੋਧੀ ਧਿਰ ਪੰਜਾਬ ਵਿਧਾਨ ਸਭਾ ਨੂੰ ਦੇਸ਼ ਭਰ ਵਿੱਚ ਮਾਡਲ ਹਾਊਸ ਬਣਾਉਣ ਲਈ ਉਸਾਰੂ ਭੂਮਿਕਾ ਨਿਭਾਏਗੀ। ਉਨ੍ਹਾਂ ਇਹ ਵੀ ਕਿਹਾ ਕਿ ਸਦਨ ਦੇ ਸਾਰੇ ਰੰਗਲਾ ਪੰਜਾਬ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਸਰਕਾਰ ਸਦਨ ਵਿੱਚ ਵਿਰੋਧੀ ਧਿਰ ਦੇ ਮੈਂਬਰਾਂ ਦੀ ਤਸੱਲੀ ਹੋਣ ਤੱਕ ਉਨ੍ਹਾਂ ਦੇ ਸਾਰੇ ਸਵਾਲਾਂ ਦੇ ਵਿਸਥਾਰਪੂਰਵਕ ਜਵਾਬ ਦੇਵੇਗੀ। ਉਨ੍ਹਾਂ ਅਫਸੋਸ ਜ਼ਾਹਿਰ ਕੀਤਾ ਕਿ ਬਦਕਿਸਮਤੀ ਨਾਲ ਪਹਿਲਾਂ ਜਦੋਂ ਕੋਈ ਵੀ ਸਦਨ ਦੀ ਕਾਰਵਾਈ ਰਿਕਾਰਡ ਕਰ ਰਿਹਾ ਹੁੰਦਾ ਸੀ ਤਾਂ ਵਿਸ਼ੇਸ਼ ਅਧਿਕਾਰ ਪ੍ਰਸਤਾਵ ਦੀ ਵਰਤੋਂ ਕਰਕੇ ਆਪਣੇ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਂਦੇ ਸਨ। ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ਮੈਂਬਰਾਂ ਦੀ ਆਜ਼ਾਦੀ ਦੇ ਅਧਿਕਾਰ ਦੀ ਸ਼ਰੇਆਮ ਉਲੰਘਣਾ ਹੈ, ਇਸ ਲਈ 'ਆਪ' ਸਰਕਾਰ ਨੇ ਸਿਧਾਂਤਕ ਤੌਰ 'ਤੇ ਫੈਸਲਾ ਕੀਤਾ ਹੈ ਕਿ ਭਵਿੱਖ ਵਿੱਚ ਅਜਿਹਾ ਕਦੇ ਨਹੀਂ ਹੋਵੇਗਾ ਅਤੇ ਸਦਨ ਦੀ ਸਾਰੀ ਕਾਰਵਾਈ ਜਨਤਕ ਕੀਤੀ ਜਾਵੇਗੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਨਿਯੁਕਤ ਹੋਣ ਤੇ ਕੁਲਤਾਰ ਸਿੰਘ ਸੰਧਵਾਂ ਨੂੰ ਆਮ ਆਦਮੀ ਪਾਰਟੀ ਪਟਿਆਲਾ ਸਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਮੁਬਾਰਕਾਂ ਦਿੱਤੀਆਂ। ਸੰਧਵਾਂ ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਦੂਜੀ ਵਾਰ ਵਿਧਾਇਕ ਬਣੇ ਹਨ। ਇਸ ਮੋਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਕਹਿਣਾ ਹੈ ਕਿ ਲੋਕਾਂ ਨੇ ਬਹੁਤ ਆਸਾਂ ਨਾਲ ਸਾਨੂੰ ਚੁਣਿਆ ਹੈ। ਇਸ ਲਈ ਅਸੀਂ ਸਾਕਾਰਾਤਮਕ ਸੋਚ ਰੱਖ ਕੇ ਲੋਕਾਂ ਦੀਆਂ ਆਸਾਂ ‘ਤੇ ਪੂਰੇ ਉੱਤਰਾਂਗੇ। ਉਨਾਂ ਕਿਹਾ ਕਿ ਪਾਰਟੀ ਹੀ ਸੁਪਰੀਮ ਹੈ ਅਤੇ ਪਾਰਟੀ ਨੇ ਜਿਸ ਵੀ ਆਗੂ ਦੀ ਜਿੰਮੇਵਾਰੀ ਜਿਥੇ ਵੀ ਲਗਾਈ ਹੈ, ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਏਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਸਰਕਾਰ ਬਣਾ ਕੇ ਲੋਕਾਂ ਦੇ ਹਿੱਤ ਲਈ ਆਈ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾਣ ਵਾਲੇ ਚੰਗੇ ਕੰਮਾ ਦੇ ਨਤੀਜੇ ਹੁਣ ਜਲਦੀ ਹੀ ਲੋਕਾਂ ਸਾਹਮਣੇ ਅਉਣੇ ਸ਼ੁਰੂ ਹੋ ਜਾਣਗੇ। ਅੱਜ ਉਨ੍ਹਾਂ ਨੂੰ ਦਿਲੋ ਮੁਬਾਰਕਾਂ ਦਿੰਦੇ ਹੋਏ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਸੰਧਵਾ ਦੀ ਆਮ ਆਦਮੀ ਪਾਰਟੀ ਨੂੰ ਵੱਡੀ ਦੇਣ ਹੈ, ਉਹ ਲੋਕਾਂ ਦੇ ਹਰ ਦੁੱਖ ਸੁੱਖ ਦੇ ਸਰੀਕ ਹੁੰਦੇ ਹਨ, ਜਿਸ ਕਰਕੇ ਜਿਥੇ ਲੋਕਾਂ ਨੇ ਉਨਾਂ ਨੂੰ ਦੂਜੀ ਵਾਰ ਜਿਤਾ ਕੇ ਵਿਧਾਨ ਸਭਾ ਵਿਚ ਭੇਜਿਆ ਹੈ, ਉਥੇ ਹੀ ਪਾਰਟੀ ਨੂੰ ਵੀ ਉਨ੍ਹਾਂ ਤੋਂ ਵੱਡੀਆਂ ਉਮੀਦਾਂ ਹਨ ਅਤੇ ਉਨ੍ਹਾਂ ਦੇ ਲੰਬਾ ਸਮਾਂ ਰਾਜਨੀਤਿਕ ਤਜਰਬੇ ਕਾਰਨ ਹੀ ਉਨ੍ਹਾਂ ਨੂੰ ਸਪੀਕਰ ਦੇ ਆਹੁਦੇ ਤੇ ਬਿਠਾਇਆ ਗਿਆ ਹੈ। -PTC News