ਕੁੱਲੂ, 4 ਜੁਲਾਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁੱਲੂ ਬੱਸ ਹਾਦਸੇ ਵਿੱਚ ਮ੍ਰਿਤਕਾਂ ਦੇ ਵਾਰਸਾਂ ਲਈ ਪ੍ਰਧਾਨ ਮੰਤਰੀ ਰਿਲੀਫ਼ ਫ਼ੰਡ ਤੋਂ 2-2 ਲੱਖ ਰੁਪਏ ਦੀ ਰਾਹਤ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।
ਪ੍ਰਧਾਨ ਮੰਤਰੀ ਆਫ਼ਿਸ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ "ਪ੍ਰਧਾਨ ਮੰਤਰੀ ਨੇ ਹਿਮਾਚਲ ਪ੍ਰਦੇਸ਼ ਵਿੱਚ ਦਰਦਨਾਕ ਬੱਸ ਹਾਦਸੇ ਵਿੱਚ ਜਾਨਾਂ ਗੁਆਉਣ ਵਾਲਿਆਂ ਦੇ ਵਾਰਸਾਂ ਲਈ PMNRF ਤੋਂ 2-2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਨੂੰ ਮਨਜ਼ੂਰੀ ਦਿੱਤੀ ਹੈ। ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ।"
ਪ੍ਰਧਾਨ ਮੰਤਰੀ ਨੇ ਵੀ ਟਵੀਟ ਕਰਦਿਆਂ ਕਿਹਾ ਕਿ "ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਵਾਪਰਿਆ ਬੱਸ ਹਾਦਸਾ ਦਿਲ ਦਹਿਲਾ ਦੇਣ ਵਾਲਾ ਹੈ। ਇਸ ਦੁੱਖ ਦੀ ਘੜੀ ਵਿੱਚ, ਮੇਰੇ ਵਿਚਾਰ ਦੁਖੀ ਪਰਿਵਾਰਾਂ ਨਾਲ ਹਨ। ਮੈਂ ਉਮੀਦ ਕਰਦਾ ਹਾਂ ਕਿ ਜ਼ਖਮੀ ਹੋਏ ਲੋਕ ਜਲਦੀ ਠੀਕ ਹੋ ਜਾਣਗੇ। ਸਥਾਨਕ ਪ੍ਰਸ਼ਾਸਨ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਹੈ।"
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਵੀ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਟਵੀਟ ਕੀਤਾ, "ਮੈਨੂੰ ਕੁੱਲੂ ਦੀ ਸਾਂਜ ਘਾਟੀ ਵਿੱਚ ਨਿੱਜੀ ਬੱਸ ਹਾਦਸੇ ਦੀ ਖ਼ਬਰ ਮਿਲੀ ਹੈ। ਪੂਰਾ ਪ੍ਰਸ਼ਾਸਨ ਮੌਕੇ 'ਤੇ ਮੌਜੂਦ ਹੈ ਅਤੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਅਤੇ ਦੁੱਖੀ ਪਰਿਵਾਰਾਂ ਨੂੰ ਬਲ ਬਖਸ਼ੇ।"
ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ 'ਚ ਸੋਮਵਾਰ ਸਵੇਰੇ ਇਕ ਨਿੱਜੀ ਬੱਸ ਦੇ ਖੱਡ 'ਚ ਡਿੱਗਣ ਕਾਰਨ ਸਕੂਲੀ ਬੱਚਿਆਂ ਸਮੇਤ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇਹ ਘਟਨਾ ਸਵੇਰੇ 8 ਵਜੇ ਦੇ ਕਰੀਬ ਨਿਓਲੀ-ਸ਼ਾਂਸ਼ੇਰ ਰੋਡ 'ਤੇ ਸਾਂਝ ਘਾਟੀ ਦੇ ਜੰਗਲਾ ਇਲਾਕੇ 'ਚ ਵਾਪਰੀ। ਬੱਸ ਵਿੱਚ ਕਈ ਸਕੂਲੀ ਬੱਚੇ ਸਵਾਰ ਸਨ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਸਪੈਸ਼ਲਿਸਟ ਡਾਕਟਰਾਂ ਦੀ ਕਮੀ ਨੂੰ ਦੂਰ ਕਰਨ ਵੱਡਾ ਉਪਰਾਲਾ, ਹੁਣ ਪ੍ਰਾਈਵੇਟ ਡਾਕਟਰ ਵੀ ਦੇਣਗੇ ਸਰਕਾਰ ਹਸਪਤਾਲ 'ਚ ਸੇਵਾਵਾਂ
ਕੁੱਲੂ ਦੇ ਡਿਪਟੀ ਕਮਿਸ਼ਨਰ ਆਸ਼ੂਤੋਸ਼ ਗਰਗ ਨੇ ਕਿਹਾ ਕਿ ਮੌਤਾਂ ਦੀ ਗਿਣਤੀ ਵਧ ਸਕਦੀ ਹੈ ਅਤੇ ਬਚਾਅ ਕਾਰਜ ਜਾਰੀ ਹੈ। ਇਸ ਦੌਰਾਨ ਜ਼ਖਮੀਆਂ ਨੂੰ ਕੁੱਲੂ ਦੇ ਸਥਾਨਕ ਹਸਪਤਾਲਾਂ 'ਚ ਭੇਜਿਆ ਜਾ ਰਿਹਾ ਹੈ। ਕੁੱਲੂ ਤੋਂ ਮੈਡੀਕਲ ਅਤੇ ਬਚਾਅ ਟੀਮਾਂ ਹਾਦਸੇ ਵਾਲੀ ਥਾਂ 'ਤੇ ਰਵਾਨਾ ਹੋ ਗਈਆਂ ਹਨ।
-PTC News