ਤਰਨਤਾਰਨ: ਤਰਨਤਾਰਨ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਕਥਿਤ ਤੌਰ 'ਤੇ ਰਿਸ਼ਵਤ ਲੈ ਕੇ ਬਿਨਾਂ ਕੋਈ ਕਰਵਾਈ ਕੀਤੇ ਛੱਡਣ 'ਤੇ ਸੀ.ਆਈ.ਏ ਸਟਾਫ ਵਿਖੇ ਤੈਨਾਤ ਦੋ ਸਹਾਇਕ ਥਾਣੇਦਾਰਾਂ ਅਤੇ ਇੱਕ ਹੋਲਦਾਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਵੱਲੋਂ ਉਕਤ ਪੁਲਿਸ ਮੁਲਾਜ਼ਮਾਂ ਦੇ ਨਾਲ ਰਿਸ਼ਵਤ ਦੇਣ ਵਾਲੇ ਨਸ਼ਾ ਤਸਕਰਾਂ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ। ਇਹ ਵੀ ਪੜ੍ਹੋ: ਅਵਾਰਾ ਕੁੱਤਿਆਂ ਨੇ 3 ਸਾਲ ਦੀ ਬੱਚੀ ਨੂੰ ਨੋਚ ਨੋਚ ਮਾਰਿਆ ਹਾਸਿਲ ਜਾਣਕਾਰੀ ਅਨੁਸਾਰ ਏ.ਐੱਸ.ਆਈ ਪ੍ਰਭਜੀਤ ਸਿੰਘ ਪੁੱਤਰ ਬਲਕਾਰ ਸਿੰਘ, ਏ.ਐੱਸ.ਆਈ ਬਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ 'ਤੇ 50 ਹਜਾਰ ਰੁਪਏ ਦੀ ਰਿਸ਼ਵਤ ਅਤੇ ਹੌਲਦਾਰ ਹਰਪਾਲ ਸਿੰਘ ਪੁੱਤਰ ਕੁਲਦੀਪ ਸਿੰਘ ਨੇ 1,10,000 ਰੁਪਏ ਦੀ ਰਿਸ਼ਵਤ ਬਦਲੇ ਹੈਰੋਇਨ ਦੇ ਸਮਗਲਰਾਂ ਨੂੰ ਫੜ ਕੇ ਛੱਡਣ ਦੇ ਮਾਮਲੇ ਵਿੱਚ ਦੋਸ਼ੀਆਂ ਖ਼ਿਲਾਫ਼ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਰਿਸ਼ਵਤ ਦਾ ਮਾਮਲਾ ਦਰਜ ਕਰ ਲਿਆ ਹੈ। ਸਹਾਇਕ ਥਾਣੇਦਾਰ ਪ੍ਰਭਜੀਤ ਸਿੰਘ ਅਤੇ ਬਲਵਿੰਦਰ ਸਿੰਘ ਖ਼ਿਲਾਫ਼ ਥਾਣਾ ਝਬਾਲ ਅਤੇ ਹੋਲਦਾਰ ਹਰਪਾਲ ਸਿੰਘ ਖ਼ਿਲਾਫ਼ ਥਾਣਾ ਸਦਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਪ੍ਰਭਜੀਤ ਸਿੰਘ ਅਤੇ ਬਲਵਿੰਦਰ ਸਿੰਘ ਖ਼ਿਲਾਫ਼ ਦਰਜ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਸਿਟੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮਾਂ ਵੱਲੋਂ ਪਿੰਡ ਕੋਟ ਧਰਮ ਚੰਦ ਵਾਸੀ ਲਵਪ੍ਰੀਤ ਸਿੰਘ ਅਤੇ ਭਿੰਦਰ ਸਿੰਘ ਨੂੰ ਹੈਰੋਇਨ ਅਤੇ ਇਲੈਕਟ੍ਰਾਨਿਕ ਕੰਡੇ ਸਮੇਤ ਗਿਰਫ਼ਤਾਰ ਕੀਤਾ ਸੀ ਅਤੇ ਦੋਵੇਂ ਪੁਲਿਸ ਮੁਲਾਜ਼ਮਾਂ ਵੱਲੋਂ ਉਕਤ ਲੋਕਾਂ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਤੇ ਪੰਜਾਹ ਹਜ਼ਾਰ ਰੁਪਏ ਰਿਸ਼ਵਤ ਲੈ ਕੇ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਸੀ। ਜਿਨ੍ਹਾਂ ਤੇ ਸੂਚਨਾ ਦੇ ਆਧਾਰ 'ਤੇ ਪੁਲਿਸ ਮੁਲਾਜ਼ਮਾਂ ਸਮੇਤ ਉਕਤ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਵੇਂ ਪੁਲਿਸ ਮੁਲਾਜ਼ਮਾਂ ਪ੍ਰਭਜੀਤ ਸਿੰਘ ਅਤੇ ਬਲਵਿੰਦਰ ਸਿੰਘ ਨੂੰ ਗਿਰਫ਼ਤਾਰ ਕਰ ਅਦਾਲਤ ਪੇਸ਼ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਪੁਲਿਸ ਵੱਲੋਂ ਥਾਣਾ ਸਦਰ ਵਿਖੇ ਹੋਲਦਾਰ ਹਰਪਾਲ ਸਿੰਘ 'ਦਰਜ਼ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਗੋਇੰਦਵਾਲ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਹੋਲਦਾਰ ਹਰਪਾਲ ਸਿੰਘ ਵੱਲੋਂ ਪਿੰਡ ਸੰਘੇ ਵਾਸੀ ਸ਼ਮਸ਼ੇਰ ਸਿੰਘ ਸ਼ੇਰਾ ਤੋਂ ਹੈਰੋਇਨ ਬਰਾਮਦ ਕੀਤੀ ਗਈ ਅਤੇ ਪਿੰਡ ਰਸੂਲਪੁਰ ਨਿਵਾਸੀ ਗੁਰਜੀਤ ਸਿੰਘ ਅਤੇ ਮਨਪ੍ਰੀਤ ਨਾਲ ਰੱਲ ਕੇ ਇੱਕ ਲੱਖ ਦੱਸ ਹਜ਼ਾਰ ਰੁਪਏ ਦੀ ਰਿਸ਼ਵਤ ਲੈ ਕੇ ਬਿਨਾਂ ਕਾਰਵਾਈ ਕਿਤਿਆਂ ਹੈਰੋਇਨ ਅਤੇ ਸ਼ੇਰੇ ਨੂੰ ਛੱਡ ਦਿੱਤਾ ਗਿਆ। ਜਿਸਦੇ ਸਬੰਧ ਵਿੱਚ ਹੋਲਦਾਰ ਹਰਪਾਲ ਸਿੰਘ ਅਤੇ ਉਕਤ ਤਿੰਨ ਲੋਕਾਂ ਖ਼ਿਲਾਫ਼ ਕਾਰਵਾਈ ਕਰਦਿਆਂ ਥਾਣਾ ਸਦਰ ਵਿਖੇ ਵੱਖ-ਵੱਖ ਧਾਰਾਵਾਂ ਤਿਹਤ ਮਾਮਲਾ ਦਰਜ ਕਰ ਕੇ ਹੌਲਦਾਰ ਹਰਪਾਲ ਸਿੰਘ ਨੂੰ ਗਿਰਫ਼ਤਾਰ ਕਰ ਲਿਆ ਗਿਆ ਅਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਡੀ.ਐਸ.ਪੀ ਨੇ ਦੱਸਿਆ ਕਿ ਬਾਕੀ ਲੋਕਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਬਹੁਤ ਜਲਦ ਉਨ੍ਹਾਂ ਨੂੰ ਵੀ ਗਿਰਫ਼ਤਾਰ ਕਰ ਲਿਆ ਜਾਵੇਗਾ। ਇਹ ਵੀ ਪੜ੍ਹੋ: ਤਿੰਨ ਨਾਬਾਲਗ ਬੱਚਿਆਂ ਦੀ ਸੁਣੋ ਦੁੱਖਭਰੀ ਕਹਾਣੀ, ਜਿਉਂਦੇ ਰਹਿਣ ਲਈ ਕਰ ਰਹੇ ਸੰਘਰਸ਼ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਫ਼ਰਾਰ ਲੋਕਾਂ ਨੂੰ ਕਿੰਨੀ ਜਲਦੀ ਗਿਰਫ਼ਤਾਰ ਕਰ ਉਨ੍ਹਾਂ ਲਹ ਸਲਾਖਾਂ ਪਿੱਛੇ ਪਹੁੰਚਾਇਆ ਜਾਂਦਾ ਹੈ, ਇਹ ਤਾਂ ਸਮਾਂ ਹੀ ਦੱਸੇਗਾ। - ਰਿਪੋਰਟਰ ਪਾਵਨ ਸ਼ਰਮਾ ਦੇ ਸਹਿਯੋਗ ਨਾਲ -PTC News