ਕਪੂਰਥਲਾ 'ਚ ਇੱਕ ਵਿਦਿਆਰਥਣ ਨੂੰ ਹੋਇਆਕੋਰੋਨਾ ਵਾਇਰਸ, ਪੰਜਾਬ 'ਚ ਪਾਜ਼ੀਟਿਵ ਕੇਸਾਂ ਦੀ ਗਿਣਤੀ 160

By  Shanker Badra April 11th 2020 09:11 PM

ਕਪੂਰਥਲਾ 'ਚ ਇੱਕ ਵਿਦਿਆਰਥਣ ਨੂੰ ਹੋਇਆਕੋਰੋਨਾ ਵਾਇਰਸ, ਪੰਜਾਬ 'ਚ ਪਾਜ਼ੀਟਿਵ ਕੇਸਾਂ ਦੀ ਗਿਣਤੀ 160:ਚੰਡੀਗੜ੍ਹ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਮੋਹਾਲੀ ਜ਼ਿਲ੍ਹਾ ਪੰਜਾਬ 'ਚ ਸਭ ਤੋਂ ਵੱਧ ਮਰੀਜ਼ਾਂ ਵਾਲਾ ਜ਼ਿਲ੍ਹਾ ਬਣ ਗਿਆ ਹੈ ,ਜਿੱਥੇ ਜ਼ਿਲ੍ਹੇ 'ਚ ਕੋਰੋਨਾ ਦੇ ਹੁਣ ਤੱਕ 50 ਕੇਸ ਸਾਹਮਣੇ ਆਏ ਹਨ। ਜਿਸ ਨਾਲ ਜਿਲ੍ਹੇ 'ਚ ਕੋਰੋਨਾ ਵਾਇਰਸ ਦਾ ਖ਼ਤਰਾ ਹੋਰ ਵਧ ਗਿਆ ਹੈ। ਕਪੂਰਥਲਾ 'ਚ ਇਕ ਨਿੱਜੀ ਯੂਨੀਵਰਸਿਟੀ 'ਚ ਪੜ੍ਹਦੀ ਵਿਦਿਆਰਥਣ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਵਿਚ ਬਣਾਏ ਗਏ ਆਈਸੋਲੇਸ਼ਨ ਵਾਰਡ ਵਿਚ ਭੇਜਿਆ ਜਾ ਰਿਹਾ ਹੈ। ਇਹ ਲੜਕੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਕਿਵੇਂ ਆਈ। ਇਸ ਸਬੰਧੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ। ਇਸ ਲੜਕੀ ਦਾ ਕੋਰੋਨਾ ਟੈੱਸਟ ਪਾਜ਼ੀਟਿਵ ਪਾਏ ਜਾਣ 'ਤੇ ਕਪੂਰਥਲਾ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 2ਹੋ ਗਈ ਹੈ। ਫ਼ਰੀਦਕੋਟ ਸ਼ਹਿਰ 'ਚ ਕੋਰੋਨਾ ਵਾਇਰਸ ਦਾ ਤੀਸਰਾ ਮਾਮਲਾ ਸਾਹਮਣੇ ਆਇਆ ਹੈ। ਇਸ ਪੀੜਤ ਵਿਅਕਤੀ ਦੀ ਉਮਰ 33 ਸਾਲ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਵਿਅਕਤੀ ਫ਼ਰੀਦਕੋਟ ਦੇ ਦੂਸਰੇ ਕੋਰੋਨਾ ਮਰੀਜ਼ ਦੇ ਸੰਪਰਕ 'ਚ ਸੀ। ਇਸ ਵਿਅਕਤੀ ਦਾ ਕੋਰੋਨਾ ਟੈੱਸਟ ਪਾਜ਼ੀਟਿਵ ਪਾਏ ਜਾਣ 'ਤੇ ਫ਼ਰੀਦਕੋਟ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 3 ਹੋ ਗਈ ਹੈ। ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 160 ਪਾਜ਼ੀਟਿਵ ਮਾਮਲੇ ਪਾਏ ਗਏ ਹਨ। ਇਨ੍ਹਾਂ ‘ਚ ਮੋਹਾਲੀ - 50 , ਨਵਾਂਸ਼ਹਿਰ - 19 , ਪਠਾਨਕੋਟ - 16 , ਜਲੰਧਰ - 15 ,ਅੰਮ੍ਰਿਤਸਰ - 11 , ਮਾਨਸਾ - 11 , ਲੁਧਿਆਣਾ – 10, ਹੁਸ਼ਿਆਰਪੁਰ - 7 ,  ਮੋਗਾ - 4 , ਰੋਪੜ - 3 , ਫਤਿਹਗੜ੍ਹ ਸਾਹਿਬ - 2 , ਫਰੀਦਕੋਟ - 3 , ਸੰਗਰੂਰ - 2 ,ਬਰਨਾਲਾ - 2, ਪਟਿਆਲਾ - 2 , ਕਪੂਰਥਲਾ - 2 , ਸ੍ਰੀ ਮੁਕਤਸਰ ਸਾਹਿਬ - 1 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 12 ਮੌਤਾਂ ਹੋ ਚੁੱਕੀਆਂ ਹਨ ਅਤੇ 20 ਮਰੀਜ਼ ਠੀਕ ਹੋ ਚੁੱਕੇ ਹਨ। -PTCNews

Related Post