ਸੰਗਰੂਰ : ਸੰਗਰੂਰ ਜ਼ਿਮਨੀ ਚੋਣ ਲਈ ਪੰਥਕਾਂ ਧਿਰਾਂ ਦੇ ਸਾਂਝੇ ਉਮੀਦਵਾਰ ਕਮਲਦੀਪ ਕੌਰ ਰਾਜੋਆਣਾ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਜ਼ਿਮਨੀ ਚੋਣ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੇ ਬਿਆਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਨੇ ਸਿਮਰਨਜੀਤ ਸਿੰਘ ਮਾਨ ਅੱਗੇ ਕਈ ਸਵਾਲ ਰੱਖੇ ਹਨ। ਸਿਮਰਨਜੀਤ ਸਿੰਘ ਮਾਨ ਨੇ ਬੀਤੇ ਦਿਨੀਂ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਰਾਹੁਲ ਗਾਂਧੀ ਤੋਂ ਕੀਤੀ ਜਾ ਰਹੀ ਪੁੱਛਗਿੱਛ ਨੂੰ ਅਣਮਨੁੱਖੀ ਅਤੇ ਬੇਇਨਸਾਫ਼ੀ ਕਰਾਰ ਦਿੱਤਾ ਸੀ। ਸਿਮਰਨਜੀਤ ਸਿੰਘ ਦੇ ਇਸ ਬਿਆਨ ਮਗਰੋਂ ਸੰਗਰੂਰ ਜ਼ਿਮਨੀ ਚੋਣ ਦੀ ਉਮੀਦਵਾਰ ਕਮਲਦੀਪ ਕੌਰ ਨੇ ਕਿਹਾ ਕਿ ਸਿਮਰਨਜੀਤ ਮਾਨ ਵੱਲੋਂ ਸਿੱਖਾਂ ਦੇ ਸਭ ਤੋਂ ਵੱਡੇ ਦੁਸ਼ਮਣ ਗਾਂਧੀ ਪਰਿਵਾਰ ਦੇ ਫਰਜੰਦ ਰਾਹੁਲ ਗਾਂਧੀ ਦੇ ਹੱਕ ਵਿੱਚ ਹਮਦਰਦੀ ਭਰੇ ਦਿੱਤੇ ਬਿਆਨ ਉਤੇ ਸਖਤ ਇਤਰਾਜ ਹੈ। ਦੇਸ਼ ਦੀ ਇੱਕ ਏਜੰਸੀ ਵੱਲੋਂ ਕੁਰੱਪਸ਼ਨ ਦੇ ਮਾਮਲੇ ਵਿੱਚ ਰਾਹੁਲ ਗਾਂਧੀ ਤੋਂ ਕੀਤੀ ਜਾ ਰਹੀ ਪੁੱਛਗਿੱਛ ਵੀ ਮਾਨ ਸਾਬ ਨੂੰ ਤਸ਼ੱਦਦ, ਬੇਇਨਸਾਫੀ ਅਤੇ ਉਸ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਜ਼ਰ ਆ ਰਹੀ ਹੈ ਪਰ ਗਾਂਧੀ ਪਰਿਵਾਰ ਵੱਲੋਂ ਸਿੱਖ ਕੌਮ ਉਤੇ ਢਾਹੇ ਤਸ਼ੱਦਦ ਤੇ ਜਬਰ ਜ਼ੁਲਮ ਨਜ਼ਰ ਨਹੀਂ ਆਉਂਦੇ। ਉਨ੍ਹਾਂ ਨੇ ਕਿਹਾ ਸਿਮਰਨਜੀਤ ਸਿੰਘ ਮਾਨ ਨੂੰ ਬੰਦੀ ਸਿੰਘਾਂ ਦਾ ਦਰਦ ਕਿਉਂ ਨਹੀਂ ਨਜ਼ਰ ਆ ਰਿਹਾ ਹੈ। ਬੰਦੀ ਸਿੰਘਾਂ ਨਾਲ ਹੋ ਰਹੀ ਬੇ-ਇਨਸਾਫੀ ਉਨ੍ਹਾਂ ਨੂੰ ਕਿਉਂ ਨਜ਼ਰ ਨਹੀਂ ਆ ਰਹੀ ਹੈ। ਉਨ੍ਹਾਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਸਵਾਲ ਕੀਤਾ ਕਿ ਬੰਦੀ ਸਿੰਘਾਂ ਦੇ ਕੋਈ ਮਨੁੱਖੀ ਅਧਿਕਾਰ ਨਹੀਂ ਹਨ? ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਵਾਲਾਂ ਦੇ ਜਵਾਬ ਕੇਵਲ ਮੈਂ ਹੀ ਨਹੀਂ, ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘ ਤੇ ਸਮੁੱਚਾ ਖਾਲਸਾ ਪੰਥ ਮੰਗ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਨ੍ਹਾਂ ਸਵਾਲਾਂ ਦਾ ਜਵਾਬ ਉਨ੍ਹਾਂ ਸਾਰੇ ਸਿੱਖ ਵੀਰਾਂ ਨੂੰ ਵੀ ਦੇਣਾ ਪਵੇਗਾ ਜਿਹੜੇ ਸਿਮਰਨਜੀਤ ਸਿੰਘ ਮਾਨ ਨੂੰ ਪੰਥ ਦਾ ਮਸੀਹਾ ਮੰਨਦੇ ਹਨ। ਇਹ ਵੀ ਪੜ੍ਹੋ : ਪੰਜਾਬ 'ਚ ਰੁਕ-ਰੁਕ ਕੇ ਪੈ ਰਹੇ ਮੀਂਹ ਨਾਲ ਪਾਵਰਕਾਮ ਨੂੰ ਮਿਲੀ ਰਾਹਤ