ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਵੱਲੋਂ ਕੱਲ੍ਹ ਬੀਤੇ ਦਿਨ ਬਾਹਰ ਕੱਢੇ ਗਏ ਹਰਮੀਤ ਸਿੰਘ ਕਾਲਕਾ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਨੇ ਮਨਜੀਤ ਸਿੰਘ ਜੀਕੇ, ਹਰਵਿੰਦਰ ਸਿੰਘ ਸਰਨਾ, ਪਰਮਜੀਤ ਸਿੰਘ ਸਰਨਾ ਉਤੇ ਦੋਸ਼ ਲਗਾਏ। ਉਨ੍ਹਾਂ ਨੇ ਅਪੀਲ ਕੀਤੀ ਕਿ ਸਾਨੂੰ ਕੰਮ ਕਰਨ ਦਿੱਤਾ ਜਾਵੇ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਸੇਵਾ ਸੰਗਤ ਨੇ ਸਾਨੂੰ ਦਿੱਤੀ ਹੈ ਤੇ ਇਹ ਸੇਵਾ ਨਿਭਾਈ ਜਾ ਰਹੀ ਹੈ। ਅਸੀਂ ਸੰਗਤ ਦੇ ਨੁਮਾਇੰਦੇ ਹਾਂ ਤੇ ਉਨ੍ਹਾਂ ਦੀ ਸੇਵਾ ਲਈ ਹਮੇਸ਼ਾ ਹਾਜ਼ਰ ਹਾਂ। ਉਨ੍ਹਾਂ ਨੇ ਕਿਹਾ ਕਿ ਸੰਗਤ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਗੁਰੂ ਘਰ ਆ ਕੇ ਪਸ਼ਚਾਤਾਪ ਕਰਨ ਦੀ ਲੋੜ ਹੈ ਅਤੇ ਸਿਆਸਤ ਤੋਂ ਦੂਰ ਰਹਿਣ ਦੀ ਲੋੜ ਹੈ। ਸਿੱਖ ਕੌਮ ਲਈ ਬਹੁਤ ਸਾਰੀਆਂ ਚੁਣੌਤੀਆਂ ਹਨ। ਬੰਦੀ ਸਿੰਘਾਂ ਨੂੰ ਰਿਹਾਅ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾਅ ਕਰਨ, ਸਕੂਲਾਂ ਵਿੱਚ ਸੁਧਾਰ ਤੇ ਸਿੱਖ ਕੌਮ ਲਈ ਹੋਰ ਕੰਮ ਕਰਨੇ ਹਨ। ਉਨ੍ਹਾਂ ਨੇ ਕਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਤੇ ਕੁਝ ਨਹੀਂ ਕੀਤਾ ਗਿਆ। ਸਾਰੇ ਮਾਮਲੇ ਜਿਉਂ ਦੀ ਤਿਉਂ ਲਟਕ ਰਹੇ ਹਨ। ਇਸ ਮੌਕੇ ਨਵੇਂ-ਪੁਰਾਣੇ ਸਾਰੇ ਮੈਂਬਰਾਂ ਨੇ ਆਪਣੀ ਰਾਏ ਰੱਖੀ ਕਿ ਦਿੱਲੀ ਲਈ ਸ਼੍ਰੋਮਣੀ ਅਕਾਲੀ ਦਲ ਦੀ ਵੱਖਰੀ ਇਕਾਈ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਦਿੱਲੀ ਦੀ ਸੰਗਤ ਲਈ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਨਾਮ ਦੀ ਇਕਾਈ ਦਾ ਐਲਾਨ ਕੀਤਾ। ਐਮਪੀਐਸ ਚੱਢਾ ਦਿੱਲੀ ਇਕਾਈ ਦੇ ਪ੍ਰਧਾਨ ਹੋਣਗੇ। ਇਸ ਤੋਂ ਇਲਾਵਾ ਭਜਨ ਸਿੰਘ ਵਾਲੀਆ ਅਤੇ ਹਰਵਿੰਦਰ ਸਿੰਘ ਕੇਪੀ ਦੋ ਪੈਟਰਨ ਹੋਣਗੇ। ਇਸ ਇਕਾਈ ਦਾ ਮਕਸਦ ਅਕਾਲੀ ਦਲ ਦੇ ਮੂਲ ਸਿਧਾਂਤਾਂ ਨੂੰ ਵਾਪਸ ਲਿਆਉਣਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਨਿਯਮਾਂ 'ਤੇ ਚੱਲਣ ਲਈ ਉਨ੍ਹਾਂ ਦੀ ਪੂਰੀ ਟੀਮ ਪਹਿਰਾ ਦੇਵੇਗੀ। ਉਨ੍ਹਾਂ ਨੇ ਐਲਾਨ ਕੀਤਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਕੋਈ ਵੀ ਸਿਆਸੀ ਚੋਣ ਨਹੀਂ ਲੜੇਗੀ। ਇਸ ਮੌਕੇ ਉਨ੍ਹਾਂ ਨੇ ਕਿਹਾ, ''ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਕਾਨਫਰੰਸ ਕਰ ਕੇ ਮੈਨੂੰ ਬਾਹਰ ਕਰ ਦਿੱਤਾ ਸੀ ਜਦਕਿ ਮੈਂ ਪਹਿਲਾਂ ਹੀ ਅਸਤੀਫਾ ਦੇ ਚੁੱਕਾ ਸੀ।'' ਇਹ ਵੀ ਪੜ੍ਹੋ : ਹਾਈ ਕੋਰਟ ਦਾ ਆਦੇਸ਼ : ਸੱਸ-ਸਹੁਰੇ ਦੀ ਹਾਸਿਲ ਜਾਇਦਾਦ 'ਚ ਨੂੰਹ ਦੀ ਹੈਸੀਅਤ ਸਿਰਫ਼ ਲਾਇਸੈਂਸੀ