ਬਰਨਾਲਾ: ਨਸ਼ਿਆਂ ਨੇ ਪੰਜਾਬ ਦੀ ਜਵਾਨੀ ਬਰਬਾਦ ਕਰਕੇ ਰੱਖ ਦਿੱਤੀ ਹੈ। ਆਏ ਦਿਨ ਨਸ਼ੇ ਦੀ ਓਵਰਡੋਜ਼ ਕਾਰਨ ਮੌਤਾਂ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਜ਼ਿਲ੍ਹਾ ਬਰਨਾਲਾ ਤੋਂ ਬਹੁਤ ਹੀ ਦੁਖਦ ਖਬਰ ਸਾਹਮਣੇ ਆਈ ਹੈ ਜਿਥੇ ਚਿੱਟੇ ਦੀ ਓਵਰਡੋਜ਼ ਕਾਰਨ 22 ਸਾਲਾ ਕਬੱਡੀ ਖਿਡਾਰੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ ਵਜੋਂ ਹੋਈ ਹੈ ਅਤੇ ਉਹ 2 ਭੈਣਾਂ ਦਾ ਇਕਲੌਤਾ ਭਰਾ ਸੀ। ਮ੍ਰਿਤਕ ਦੇ ਚਾਚਾ ਰਜਿੰਦਰ ਪਾਲ ਸਿੰਘ ਤੇ ਪਿੰਡ ਦੇ ਪੰਚ ਭੋਲਾ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਚੰਗਾ ਕਬੱਡੀ ਖਿਡਾਰੀ ਸੀ ਪਰ ਕੁਝ ਦੇਰ ਪਹਿਲਾਂ ਉਸ ਨੂੰ ਨਸ਼ੇ ਦੀ ਲਤ ਲੱਗ ਗਈ ਸੀ ਤੇ ਅੱਜ ਚਿੱਟੇ ਦੀ ਓਵਰਡੋਜ਼ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਲਾਸ਼ ‘ਤੇ ਟੀਕੇ ਦੇ ਨਿਸ਼ਾਨ ਵੀ ਮਿਲੇ ਹਨ। ਉਹਨਾਂ ਨੇ ਅੱਗੇ ਦੱਸਿਆ ਕਿ ਗੁਰਵਿੰਦਰ ਸਿੰਘ ਦੇ ਸਿਰ ‘ਤੇ 9 ਲੱਖ ਦਾ ਕਰਜ਼ਾ ਸੀ, ਜਿਸ ਕਾਰਨ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ ਤੇ ਇਸੇ ਵਜ੍ਹਾ ਨਾਲ ਉਸ ਨੇ ਨਸ਼ਾ ਲੈਣਾ ਸ਼ੁਰੂ ਕਰ ਦਿੱਤਾ ਸੀ। ਗੁਰਵਿੰਦਰ ਅਕਸਰ ਕਹਿੰਦਾ ਹੁੰਦਾ ਸੀ ਕਿ ਇਲਾਕੇ ਵਿਚ ਚਿੱਟਾ ਸ਼ਰੇਆਮ ਵੇਚਿਆ ਜਾ ਰਿਹਾ ਹੈ ਤੇ ਜਦੋਂ ਤੱਕ ਇਸ ‘ਤੇ ਰੋਕ ਨਹੀਂ ਲਗਾਈ ਜਾਂਦੀ, ਲੋਕ ਨਸ਼ਾ ਲੈਣਾ ਬੰਦ ਨਹੀਂ ਕਰਨਗੇ। ਉਧਰ, ਬਰਨਾਲਾ ਪੁਲਿਸ ਨੇ ਆਪਣੀ ਨਾਕਾਮ ਨੂੰ ਛਪਾਉਣ ਲਈ ਮ੍ਰਿਤਕ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਧਾਰਾ 174 ਤਹਿਤ ਕਾਰਵਾਈ ਕਰ ਦਿੱਤੀ। ਦੂਜੇ ਪਾਸੇ ਮ੍ਰਿਤਕ ਨੌਜਵਾਨ ਦੇ ਚਾਚਾ ਤੇ ਪਿੰਡ ਦੀ ਪੰਚਾਇਤ ਮੈਂਬਰ ਨੇ ਕਿਹਾ ਕਿ ਇਲਾਕੇ 'ਚ ਸ਼ਰੇਆਮ ਨਸ਼ਾ ਵਿਕਦਾ ਹੈ। ਪੁਲਿਸ ਨਸ਼ੇ ਦੇ ਸੌਦਾਗਰਾਂ ਨੂੰ ਰੋਕਣ 'ਚ ਨਾਕਾਮ ਰਹੀ ਹੈ। -PTC News