ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਪੰਥਕ ਹਾਲਾਤਾਂ ਦੇ ਮੱਦੇਨਜ਼ਰ ਪੰਥਕ ਏਕਤਾ ਦੀ ਲੋੜ ‘ਤੇ ਜ਼ੋਰ

By  Riya Bawa December 22nd 2021 11:42 AM

ਦਮਦਮਾ ਸਾਹਿਬ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਮੰਦਭਾਗੀ ਘਟਨਾ ਤੋਂ ਬਾਅਦ ਪੰਥ ਦੇ ਨਾਂਅ ਇਕ ਅਹਿਮ ਸੰਦੇਸ਼ ਜਾਰੀ ਕਰਦਿਆਂ ਮੌਜੂਦਾ ਕੌਮੀ ਹਾਲਾਤਾਂ ਦੇ ਮੱਦੇਨਜ਼ਰ ਪੰਥਕ ਏਕਤਾ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਸਿੱਖ ਪੰਥ ਨੂੰ ਚੁਫੇਰਿਓਂ ਸਿਧਾਂਤਕ ਤੇ ਸਰੀਰਕ ਮਾਰੂ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਸਾਲਾਂ ਤੋਂ ਲਗਾਤਾਰ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਵੀ ਇਸੇ ਚੁਣੌਤੀਪੂਰਨ ਵਰਤਾਰੇ ਦਾ ਇਕ ਹਿੱਸਾ ਹਨ। ਸਿੱਖਾਂ ਦੀ ਜਿੰਦ-ਜਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਬੇਅਦਬੀ ਦੀ ਘਟਨਾ ਦਾ ਵਾਪਰ ਜਾਣਾ ਸਿੱਖਾਂ ਦੇ ਸਬਰ ਦਾ ਅੰਤ ਵੇਖਣ ਦਾ ਖ਼ਤਰਨਾਕ ਤੇ ਭਿਆਨਕ ਸਿਖਰ ਹੈ। ਸਿੱਖਾਂ ਲਈ ਸ੍ਰੀ ਹਰਿਮੰਦਰ ਸਾਹਿਬ ਤੋਂ ਉੱਪਰ ਕੁਝ ਵੀ ਨਹੀਂ ਹੈ ਅਤੇ ਜਦੋਂ ਹਮਲਾਵਰ ਸ੍ਰੀ ਹਰਿਮੰਦਰ ਸਾਹਿਬ ਤੱਕ ਪਹੁੰਚ ਗਏ ਹਨ ਤਾਂ ਕੌਮ ਨੂੰ ਤੁਰੰਤ ਜਾਗਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਡਾ ਵਿਰਸਾ ਬੜਾ ਮਾਣਮੱਤਾ ਹੈ। ਸਿੱਖਾਂ ਨੇ ਮੁਗਲ ਕਾਲ ਵੇਲੇ ਬੇਹੱਦ ਬਿਖੜੇ ਅਤੇ ਜ਼ੁਲਮੀ ਸਮਿਆਂ ਵਿਚ ਵੀ ਆਪਸੀ ਇਤਫਾਕ ਤੇ ਪੰਥਕ ਏਕਤਾ ਦੇ ਜ਼ਰੀਏ ਜ਼ੁਲਮੀ ਹਨੇਰੀਆਂ-ਤੂਫਾਨਾਂ ਨਾਲ ਮੱਥਾ ਲਾ ਕੇ ਪੰਥ ਦੀ ਚੜ੍ਹਦੀਕਲਾ ਬਰਕਰਾਰ ਰੱਖੀ ਹੈ। ਸਾਡੇ ਕੋਲ ਪੰਥਕ ਏਕਤਾ ਦੀ ਅਹਿਮੀਅਤ ਨੂੰ ਸਮਝਣ ਲਈ ਸੌ ਸਾਲ ਪਹਿਲਾਂ ਹੋਂਦ ਵਿਚ ਆਈਆਂ ਦੋ ਅਹਿਮ ਪੰਥਕ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੇ ਪਿਛੋਕੜ ਵਿਚ ਅਕਾਲੀ ਮੋਰਚਿਆਂ ਦਾ ਅਦੁੱਤੀ ਇਤਿਹਾਸ ਹੈ, ਜਿਸ ਦੌਰਾਨ ਸਿੱਖਾਂ ਨੇ ਹਰ ਤਰ੍ਹਾਂ ਦੇ ਰਾਜਨੀਤਕ, ਵਿਚਾਰਕ ਤੇ ਜਾਤੀ ਮਤਭੇਦਾਂ ਤੋਂ ਉੱਪਰ ਉੱਠ ਕੇ ਸੈਂਕੜੇ ਸ਼ਹੀਦੀਆਂ ਦੇ ਕੇ ਅਤੇ ਅਕਹਿ-ਅਸਹਿ ਜ਼ੁਲਮ ਸਹਿਣ ਕਰਕੇ ਜਿੱਥੇ ਗੁਰਧਾਮਾਂ ਨੂੰ ਆਜ਼ਾਦ ਕਰਵਾਉਣ ਤੇ ਸਿੱਖਾਂ ਦੀ ਰਾਜਨੀਤਕ ਹੋਂਦ ਸਥਾਪਿਤ ਕਰਨ ਦੀ ਲੜਾਈ ਜਿੱਤੀ, ਉੱਥੇ ਭਾਰਤ ਦੀ ਕੌਮੀ ਮੁਕਤੀ ਲਹਿਰ ਵਿਚ ਵੀ ਆਪਣਾ ਲਾਸਾਨੀ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਅੱਜ ਜਿੱਥੇ ਸਿੱਖਾਂ ਨੂੰ ਆਤਮਿਕ ਤੇ ਬੌਧਿਕ ਤੌਰ ‘ਤੇ ਤੋੜਨ ਲਈ ਗੁਰੂ ਗ੍ਰੰਥ ਤੇ ਗੁਰੂ ਪੰਥ ਉੱਪਰ ਅਸਹਿਣਯੋਗ ਹਮਲੇ ਹੋ ਰਹੇ ਹਨ, ਉੱਥੇ ਸਾਡੇ ਵਡੇਰਿਆਂ ਦੁਆਰਾ ਆਪਣਾ ਖੂਨ ਡੋਲ੍ਹ ਕੇ ਕਾਇਮ ਕੀਤੀਆਂ ਪੰਥਕ ਸੰਸਥਾਵਾਂ ਨੂੰ ਵੀ ਮਾਰੂ ਢਾਹ ਲਾਉਣ ਲਈ ਖ਼ਤਰਨਾਕ ਸਾਜ਼ਿਸ਼ਾਂ ਅਮਲ ਵਿਚ ਲਿਆਂਦੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀਆਂ ਪੰਥਕ ਸੰਸਥਾਵਾਂ ‘ਤੇ ਹੋ ਰਹੇ ਹਮਲਿਆਂ ਪਿੱਛਲੀ ਮਾਨਸਿਕਤਾ ਨੂੰ ਸਮਝਣ ਦੀ ਲੋੜ ਹੈ। ਜੇਕਰ ਸਾਡੀਆਂ ਸੰਸਥਾਵਾਂ ਦੀ ਹੋਂਦ ਖ਼ਤਰੇ ਵਿਚ ਪੈ ਗਈ ਤਾਂ ਸਾਡੀ ਰੂਹਾਨੀ ਤੇ ਰਾਜਨੀਤਕ ਅਜ਼ਮਤ ਵੀ ਸੁਰੱਖਿਅਤ ਨਹੀਂ ਰਹਿ ਸਕੇਗੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਸਾਡੇ ਲਈ ਜਿੱਥੇ ਅੱਜ ਪੰਥ ‘ਤੇ ਹੋ ਰਹੇ ਹਮਲਿਆਂ ਦੀ ਰਾਜਨੀਤਕ ਤੇ ਸੱਭਿਆਚਾਰਕ ਰਣਨੀਤੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਉੱਥੇ ਇਨ੍ਹਾਂ ਬਹੁਮੁਖੀ ਤੇ ਬਹੁਪਰਤੀ ਹਮਲਿਆਂ ਦਾ ਟਾਕਰਾ ਕਰਨ ਤੇ ਇਨ੍ਹਾਂ ਨੂੰ ਪਛਾੜਣ ਲਈ ਪੰਥਕ ਏਕਤਾ ਦੀ ਵੱਡੀ ਲੋੜ ਹੈ। ਉਨ੍ਹਾਂ ਸਮੁੱਚੀਆਂ ਸਿੱਖ ਜਥੇਬੰਦੀਆਂ, ਰਾਜਨੀਤਕ ਦਲਾਂ, ਧਾਰਮਿਕ, ਸਮਾਜਿਕ ਤੇ ਸਿੱਖਿਆ ਸੰਸਥਾਵਾਂ ਅਤੇ ਸੰਪਰਦਾਵਾਂ ਨੂੰ ਅਪੀਲ ਕੀਤੀ ਕਿ ਉਹ ਮੌਜੂਦਾ ਪੰਥਕ ਹਾਲਾਤਾਂ ਨੂੰ ਵੇਖਦਿਆਂ ਸਾਰੇ ਤਰ੍ਹਾਂ ਦੇ ਰਾਜਸੀ, ਵਿਚਾਰਕ ਤੇ ਜ਼ਾਤੀ ਮਤਭੇਦਾਂ-ਵਖਰੇਵਿਆਂ ਨੂੰ ਪਾਸੇ ਰੱਖ ਕੇ ਇਕ ਖ਼ਾਲਸਈ ਨਿਸ਼ਾਨ ਸਾਹਿਬ ਹੇਠਾਂ ਇਕੱਤਰ ਹੋਣ ਤਾਂ ਜੋ ਸਿੱਖ ਪੰਥ ਬਿਖੜੇ ਹਾਲਾਤਾਂ ਵਿਚੋਂ ਇਕ ਵਾਰ ਮੁੜ 'ਕੁਠਾਲੀ 'ਚੋਂ ਕੁੰਦਨ ਵਾਂਗ ਚਮਕ ਕੇ' ਉੱਭਰ ਕੇ ਸ੍ਰੀ ਗੁਰੂ ਨਾਨਕ ਦੇਵ ਜੀ-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿਰਜੇ ਮਾਨਵਤਾ ਦੇ ਭਲੇ ਤੇ ਜਬਰ ਦੇ ਵਿਰੁੱਧ ਸੰਘਰਸ਼ ਦੇ ਆਦਰਸ਼ਾਂ ਨੂੰ ਆਪਣੇ ਨੇਕ ਅਮਲਾਂ ਦੁਆਰਾ ਸੰਸਾਰ ਵਿਚ ਫੈਲਾ ਕਰ ਸਕੇ। Giani Harpreet Singh Jathedar of Shri Akal Takht Sahib Statement -PTC News

Related Post