ਪੁਲਿਸ ਥਾਣੇ 'ਚੋਂ ਰਾਈਫ਼ਲ ਲੈ ਕੇ ਫ਼ਰਾਰ ਹੋਏ ਨੌਜਵਾਨ ਨੇ ਕੀਤਾ ਆਤਮ ਸਮਰਪਣ
ਰਵੀਬਖਸ਼ ਸਿੰਘ ਅਰਸ਼ੀ (ਗੁਰਦਾਸਪੁਰ, 3 ਅਕਤੂਬਰ): ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਗੁਰਦਾਸਪੁਰ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਥਾਣਾ ਧਾਰੀਵਾਲ 'ਚੋਂ ਇਕ ਨੌਜਵਾਨ ਸ਼ਰ੍ਹੇਆਮ ਦਿਨ ਦਿਹਾੜੇ ਪੁਲਿਸ ਦੀ ਹਾਜ਼ਰੀ 'ਚ ਥਾਣੇ ਵਿੱਚੋਂ ਇਕ ਰਾਈਫਲ ਲੈ ਕੇ ਕਾਰ ਉੱਤੇ ਫ਼ਰਾਰ ਹੋ ਗਿਆ। ਫ਼ਰਾਰ ਹੋਇਆ ਨੌਜਵਾਨ ਜਸਵਿੰਦਰ ਸਿੰਘ ਪੁੱਤਰ ਜਗਵਿੰਦਰ ਸਿੰਘ ਵਾਸੀ ਗੁਰਦਾਸ ਨੰਗਲ ਥਾਣਾ ਧਾਰੀਵਾਲ ਦਾ ਵਸਨੀਕ ਹੈ। ਰਾਈਫ਼ਲ ਚੁੱਕਣ ਮਗਰੋਂ ਇਹ ਨੌਜਵਾਨ ਪਿੰਡ ਕੋਟ ਧੰਦਲ ਪੁਲਿਸ ਥਾਣਾ ਕਾਹਨੂੰਵਾਨ ਖੇਤਰ ਵਿੱਚ ਪਹੁੰਚ ਗਿਆ ਜਿੱਥੇ ਉਸ ਨੇ ਇਕ ਰਿਸ਼ਤੇਦਾਰੀ 'ਚ ਪੈਂਦੇ ਪਰਿਵਾਰ ਦੇ ਟਿਊਬਵੈੱਲ ਉੱਤੇ ਪਨਾਹ ਲੈ ਲਈ।
ਪੁਲਿਸ ਵੱਲੋਂ ਨੌਜਵਾਨ ਦੇ ਮੋਬਾਇਲ ਦੀ ਲੋਕੇਸ਼ਨ ਟ੍ਰੈਕ ਕਰਦੇ ਹੋਏ ਉਸਨੂੰ ਟਿਊਬਵੈੱਲ ਉੱਤੇ ਘੇਰਾ ਪਾ ਲਿਆ ਗਿਆ, ਜਿਸ 'ਚ ਡੀਐਸਪੀ ਸੁਖਪਾਲ ਸਿੰਘ, ਸੀਆਈਏ ਇੰਚਾਰਜ ਕਪਿਲ ਕੌਸ਼ਲ, ਥਾਣਾ ਕਾਹਨੂੰਵਾਨ ਦੇ ਮੁਖੀ ਸਬ ਇੰਸਪੈਕਟਰ ਸੁਖਜੀਤ ਸਿੰਘ, ਥਾਣਾ ਭੈਣੀ ਮੀਆਂ ਖਾਂ ਦੇ ਮੁਖੀ ਇੰਸਪੈਕਟਰ ਹਰਪਾਲ ਸਿੰਘ ਸੈਣੀ, ਪੁਲਿਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ ਅਤੇ ਇਸ ਮੌਕੇ ਨੌਜਵਾਨ ਨੇ ਪੁਲਿਸ ਨੂੰ ਕਿਹਾ ਕਿ ਉਹ ਮੀਡੀਆ ਅਤੇ ਉਹਦੇ ਵਕੀਲਾਂ ਦੀ ਹਾਜ਼ਰੀ ਵਿੱਚ ਹੀ ਸਾਰੇ ਮਾਮਲੇ ਦਾ ਖੁਲਾਸਾ ਕਰੇਗਾ ਅਤੇ ਉਸ ਤੋਂ ਬਾਅਦ ਪੁਲਿਸ ਨੂੰ ਆਤਮ ਸਮਰਪਣ ਕਰੇਗਾ।
ਇਸ ਮਾਮਲੇ ਦੀ ਭਿਣਕ ਸੁਣ ਕੇ ਮੀਡੀਆ ਵੀ ਵੱਡੀ ਗਿਣਤੀ ਵਿੱਚ ਘਟਨਾ ਸਥਾਨ ਉੱਤੇ ਪਹੁੰਚ ਗਿਆ ਅਤੇ ਕੁੱਝ ਵਕੀਲ ਵੀ ਪਹੁੰਚੇ। ਇਸ ਤੋਂ ਇਲਾਵਾ ਸਰਕਾਰੀ ਹਸਪਤਾਲ ਕਾਹਨੂੰਵਾਨ ਤੋਂ ਡਾਕਟਰ ਅਤੇ ਅਮਲਾ ਵੀ ਹਾਜ਼ਰ ਸੀ। ਇਸ ਮੌਕੇ ਪੱਤਰਕਾਰਾਂ ਨਾਲ ਟਿਊਬਵੈੱਲ ਦੇ ਅੰਦਰੋਂ ਗੱਲਬਾਤ ਕਰਦੇ ਹੋਏ ਨੌਜਵਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਗੁਰਦਾਸ ਨੰਗਲ ਦਾ ਰਹਿਣ ਵਾਲਾ ਹੈ। ਪਿੰਡ ਦੇ ਵਿੱਚ ਜੋ ਇਤਿਹਾਸਕ ਗੁਰਦੁਆਰਾ ਕਿਲਾ ਸਾਹਿਬ ਹੈ ਉਸ ਵਿੱਚ ਰੱਖੇ ਗ੍ਰੰਥੀ ਨੂੰ ਬਹੁਤ ਘੱਟ ਤਨਖ਼ਾਹ ਦਿੱਤੀ ਜਾ ਰਹੀ ਸੀ, ਉਸ ਨੇ ਪਿੰਡ ਦੀ ਕਮੇਟੀ ਨੂੰ ਗ੍ਰੰਥੀ ਨੂੰ ਵੱਧ ਤਨਖ਼ਾਹ ਦੇਣ ਲਈ ਅਪੀਲ ਕੀਤੀ, ਜਿਸ ਨੂੰ ਲੈ ਕੇ ਉਹਦਾ ਕਮੇਟੀ ਨਾਲ ਤਕਰਾਰ ਹੋ ਗਿਆ। ਪਿੰਡ ਦੇ ਕੁੱਝ ਲੋਕਾਂ ਵੱਲੋਂ ਉਸ ਦੇ ਘਰ ਆ ਕੇ ਉਸ ਨਾਲ ਵਧੀਕੀ ਕੀਤੀ।