ਨਵੀਂ ਦਿੱਲੀ : ਭਾਰਤ ਦੀ ਡਿਸਕਸ ਥਰੋਅਰ ਕਮਲਪ੍ਰੀਤ ਕੌਰ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਐਥਲੈਟਿਕਸ ਇੰਟੈਗਰਿਟੀ ਯੂਨਿਟ ਨੇ ਬੁੱਧਵਾਰ ਨੂੰ ਕਮਲਪ੍ਰੀਤ ਕੌਰ 'ਤੇ 3 ਸਾਲ ਦੀ ਪਾਬੰਦੀ ਦਾ ਐਲਾਨ ਕੀਤਾ ਹੈ। ਅਥਲੈਟਿਕਸ ਇੰਟੈਗਰਿਟੀ ਯੂਨਿਟ ਵੱਲੋਂ ਕਿਹਾ ਗਿਆ ਕਿ ਇਹ ਪਾਬੰਦੀ 26 ਸਾਲਾ ਕੌਰ 'ਤੇ ਪਾਬੰਦੀਸ਼ੁਦਾ ਦਵਾਈ ਸਟੈਨੋਜ਼ੋਲੋਲ ਦੀ ਵਰਤੋਂ ਕਾਰਨ ਲਗਾਈ ਗਈ ਹੈ। ਅਥਲੈਟਿਕਸ ਇੰਟੈਗਰਿਟੀ ਯੂਨਿਟ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 7 ਮਾਰਚ 2022 ਨੂੰ ਉਸ ਦਾ ਨਮੂਨਾ ਪਟਿਆਲਾ 'ਚ ਲਿਆ ਗਿਆ ਸੀ ਤੇ ਟੈਸਟ ਲਈ ਭੇਜਿਆ ਗਿਆ ਸੀ। ਸੈਂਪਲ 'ਚ ਸਟੈਨੋਜ਼ੋਲੋਲ ਨਾਂ ਦਾ ਪਾਬੰਦੀਸ਼ੁਦਾ ਪਦਾਰਥ ਪਾਇਆ ਗਿਆ ਹੈ। ਟੈਸਟਾਂ 'ਚ ਪਾਇਆ ਗਿਆ ਕਿ ਉਨ੍ਹਾਂ ਨੇ ਫਰਵਰੀ 2022 ਵਿੱਚ ਇਕ ਪ੍ਰੋਟੀਨ ਪੂਰਕ ਦੇ ਦੋ ਸਕੂਪ ਖਾਦੇ ਸਨ ਜਿਸ 'ਚ ਸਟੈਨੋਜ਼ੋਲੋਲ ਦੇ ਨਿਸ਼ਾਨ ਸਨ। 27 ਸਤੰਬਰ 2022 ਨੂੰ ਕਮਲਪ੍ਰੀਤ ਕੌਰ ਨੇ ਡੋਪਿੰਗ ਰੋਕੂ ਨਿਯਮਾਂ ਦੀ ਉਲੰਘਣਾ ਨੂੰ ਸਵੀਕਾਰ ਕੀਤਾ ਤੇ ਨਤੀਜਿਆਂ ਨੂੰ ਸਵੀਕਾਰ ਕੀਤਾ। ਉਸਨੂੰ ਆਪਣੀ ਗਲਤੀ ਜਲਦੀ ਮੰਨਣ ਲਈ ਇਕ ਸਾਲ ਦੀ ਰਿਆਇਤ ਦਿੱਤੀ ਗਈ ਸੀ। ਟੋਕੀਓ ਓਲੰਪਿਕ 'ਚ ਛੇਵੇਂ ਸਥਾਨ 'ਤੇ ਰਹਿਣ ਵਾਲੀ ਕਮਲਪ੍ਰੀਤ ਕੌਰ 'ਤੇ ਪਾਬੰਦੀ 29 ਮਾਰਚ 2022 ਤੋਂ ਲਾਗੂ ਹੋਵੇਗੀ, ਜਿਸ ਦਾ ਮਤਲਬ ਹੈ ਕਿ 7 ਮਾਰਚ ਨੂੰ ਆਇਆ ਉਸ ਦਾ ਨਤੀਜਾ ਹੁਣ ਜਾਇਜ਼ ਨਹੀਂ ਰਹੇਗਾ। ਇਹ ਵੀ ਪੜ੍ਹੋ : ਟਰਾਂਸਪੋਰਟ ਮੰਤਰੀ ਭੁੱਲਰ ਵੱਲੋਂ ਆਰਟੀਏ ਦਫ਼ਤਰ ਦੀ ਅਚਨਚੇਤ ਚੈਕਿੰਗ ਕਾਬਿਲੇਗੌਰ ਹੈ ਕਿ ਨੈਸ਼ਨਲ ਰਿਕਾਰਡ ਹੋਲਡਰ ਕਮਲਪ੍ਰੀਤ ਟੋਕੀਓ ਓਲੰਪਿਕ 'ਚ ਛੇਵੇਂ ਸਥਾਨ 'ਤੇ ਰਹੀ ਸੀ। ਕਮਲਪ੍ਰੀਤ ਕੌਰ ਨੇ ਪਿਛਲੇ ਸਾਲ ਪਟਿਆਲਾ ਵਿੱਚ 66.59 ਮੀਟਰ ਡਿਸਕਸ ਸੁੱਟ ਕੇ ਕੌਮੀ ਰਿਕਾਰਡ ਬਣਾਇਆ ਸੀ। ਇਸ ਤੋਂ ਪਹਿਲਾਂ ਸਾਲ 2018 ਵਿੱਚ ਉਨ੍ਹਾਂ ਦਾ ਨਿੱਜੀ ਸਰਵੋਤਮ 61.04 ਮੀਟਰ ਸੀ। ਪਟਿਆਲਾ ਵਿੱਚ ਕੌਮੀ ਰਿਕਾਰਡ ਨਾਲ ਪਹਿਲੇ ਸਥਾਨ ਉਤੇ ਰਹੀ ਕਮਲਪ੍ਰੀਤ ਨੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ। ਉਸਨੇ ਟੋਕੀਓ ਵਿੱਚ ਕੁਆਲੀਫਾਇੰਗ ਰਾਊਂਡ ਵਿੱਚ 64.00 ਮੀਟਰ ਡਿਸਕਸ ਸੁੱਟਿਆ ਸੀ। ਉਹ ਫਾਈਨਲ ਵਿੱਚ 63.70 ਮੀਟਰ ਨਾਲ ਛੇਵੇਂ ਸਥਾਨ ਉਪਰ ਰਹੀ ਸੀ। ਇਸ ਸਾਲ ਕਮਲਪ੍ਰੀਤ ਕੌਰ ਨੇ ਮਾਰਚ ਵਿੱਚ ਤਿਰੂਵਨੰਤਪੁਰਮ ਵਿੱਚ ਇੰਡੀਅਨ ਗ੍ਰਾਂ ਪ੍ਰੀ ਮੀਟ ਵਿੱਚ 61.39 ਮੀਟਰ ਡਿਸਕਸ ਸੁੱਟ ਕੇ ਸੋਨ ਤਗਮਾ ਜਿੱਤਿਆ ਸੀ। -PTC News