ਨਵੀਂ ਦਿੱਲੀ : ਭਾਰਤ ਨੇ ਪਾਕਿਸਤਾਨ ਵਿੱਚ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਨੂੰ ਚਿਤਾਵਨੀ ਦੇਣ ਮਗਰੋਂ ਚੀਨੀ ਨਾਗਰਿਕਾਂ ਨੂੰ ਜਾਰੀ ਟੂਰਿਸਟ ਵੀਜ਼ਾ ਮੁਅੱਤਲ ਕਰ ਦਿੱਤਾ ਹੈ। ਭਾਰਤ ਚੀਨ ਕੋਲ ਚੀਨ ਦੀਆਂ ਯੂਨੀਵਰਸਿਟੀਆਂ ਵਿੱਚ ਰਜਿਸਟਰਡ ਕਰੀਬ 22000 ਭਾਰਤੀ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਸਬੰਧੀ ਮਸਲਾ ਚੁੱਕਦਾ ਰਿਹਾ ਹੈ। ਇਹ ਉਹ ਵਿਦਿਆਰਥੀ ਹਨ ਜੋ ਸਾਲ 2020 ਕੋਰੋਨਾ ਸਮੇਂ ਚੀਨ ਤੋਂ ਵਾਪਸ ਆ ਗਏ ਸਨ। ਚੀਨ ਨੇ ਅਜੇ ਤੱਕ ਇਨ੍ਹਾਂ ਵਿਦਿਆਰਥੀਆਂ ਨੂੰ ਦੇਸ਼ ਵਿੱਚ ਆਉਣ ਦੀ ਮਨਜ਼ੂਰੀ ਨਹੀਂ ਦਿੱਤੀ ਹੈ। ਜਿਸ ਕਾਰਨ ਇਨ੍ਹਾਂ ਦੀ ਪੜ੍ਹਾਈ ਖ਼ਰਾਬ ਹੈ। ਚੀਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਅਜੇ ਯੋਗ ਨਹੀਂ ਹਨ। ਭਾਰਤ ਬਾਰੇ 20 ਅਪ੍ਰੈਲ ਨੂੰ ਜਾਰੀ ਇੱਕ ਆਦੇਸ਼ ਵਿੱਚ ਆਈਏਟੀਏ ਨੇ ਕਿਹਾ ਕਿ ਚੀਨ (ਪੀਪਲਜ਼ ਰਿਪਬਲਿਕ) ਦੇ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਟੂਰਿਸਟ ਵੀਜ਼ੇ ਹੁਣ ਜਾਇਜ਼ ਨਹੀਂ ਹਨ। ਆਈਏਟੀਏ ਨੇ ਇਹ ਵੀ ਕਿਹਾ ਕਿ ਦਸ ਸਾਲ ਦੀ ਮਿਆਦ ਵਾਲੇ ਟੂਰਿਸਟ ਵੀਜ਼ੇ ਹੁਣ ਜਾਇਜ਼ ਨਹੀਂ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ 17 ਮਾਰਚ ਨੂੰ ਕਿਹਾ ਕਿ ਭਾਰਤ ਨੇ ਬੀਜਿੰਗ ਨੂੰ ਇਸ ਮਾਮਲੇ 'ਤੇ ਦੋਸਤਾਨਾ ਸਟੈਂਡ ਲੈਣ ਦੀ ਅਪੀਲ ਕੀਤੀ ਹੈ ਕਿਉਂਕਿ ਸਖ਼ਤ ਪਾਬੰਦੀਆਂ ਜਾਰੀ ਰਹਿਣ ਨਾਲ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਦੇ ਅਕਾਦਮਿਕ ਕਰੀਅਰ ਨੂੰ ਖ਼ਤਰੇ ਵਿੱਚ ਪਾ ਰਿਹਾ ਹੈ। ਬਾਗਚੀ ਨੇ ਕਿਹਾ ਕਿ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ 8 ਫਰਵਰੀ ਨੂੰ ਕਿਹਾ ਕਿ ਚੀਨ ਇਸ ਮਾਮਲੇ ਨੂੰ ਤਾਲਮੇਲ ਨਾਲ ਦੇਖ ਰਿਹਾ ਹੈ ਤੇ ਵਿਦੇਸ਼ੀ ਵਿਦਿਆਰਥੀਆਂ ਨੂੰ ਚੀਨ ਵਾਪਸ ਜਾਣ ਦੀ ਇਜਾਜ਼ਤ ਦੇਣ ਦੇ ਪ੍ਰਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ਬਾਗਚੀ ਨੇ ਕਿਹਾ ਕਿ ਪਰ ਮੈਂ ਇਹ ਸਪੱਸ਼ਟ ਕਰ ਦੇਵਾਂ ਕਿ ਚੀਨੀ ਪੱਖ ਨੇ ਅਜੇ ਤੱਕ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਬਾਰੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਹੈ। ਅਸੀਂ ਚੀਨੀ ਪੱਖ ਨੂੰ ਸਾਡੇ ਵਿਦਿਆਰਥੀਆਂ ਦੇ ਹਿੱਤ ਵਿੱਚ ਇੱਕ ਅਨੁਕੂਲ ਫ਼ੈਸਲਾ ਲੈਣ ਦੀ ਅਪੀਲ ਕਰਦੇ ਰਹਾਂਗੇ। ਇਹ ਵੀ ਪੜ੍ਹੋ : ਕਿਸਾਨਾਂ 'ਤੇ ਮਹਿੰਗਾਈ ਦੀ ਮਾਰ, ਡੀਏਪੀ ਪ੍ਰਤੀ ਗੱਟਾ 150 ਰੁਪਏ ਹੋਈ ਮਹਿੰਗੀ