ਚੰਡੀਗੜ੍ਹ : ਪੰਜਾਬ ਦੇ ਮਕਬੂਲ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਭਰੋਸੇਯੋਗ ਸੂਤਰਾਂ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਮੂਸੇਵਾਲਾ ਕਤਲਕਾਂਡ ਸਬੰਧੀ ਪੰਜਾਬ ਪੁਲਿਸ ਜਲਦ ਹੀ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕਰਨ ਜਾ ਰਹੀ ਹੈ। ਪੰਜਾਬ ਪੁਲਿਸ ਨੇ ਇਸ ਮਾਮਲੇ ਸਬੰਧੀ ਚਾਰਜਸ਼ੀਟ ਤਿਆਰ ਕਰ ਲਈ ਹੈ ਅਤੇ ਮਾਮਲੇ ਦੀ ਅੱਗੇ ਵੀ ਘੋਖ ਜਾਰੀ ਹੈ। ਮਾਨਸਾ ਜ਼ਿਲ੍ਹੇ ਦੀ ਪੁਲਿਸ ਵੱਲੋਂ ਤਿਆਰ ਕੀਤੀ ਗਈ ਮਹੱਤਵਪੂਰਨ ਚਾਰਜਸ਼ੀਟ ਵਿੱਚ ਕਤਲਕਾਂਡ ਨਾਲ ਜੁੜੀ ਸਾਜ਼ਿਸ਼, ਸਾਰਾ ਘਟਨਾਕ੍ਰਮ, ਸਬੂਤ ਅਤੇ ਗਵਾਹਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਚਾਰਜਸ਼ੀਟ ਵਿੱਚ ਕਰੀਬ 15 ਤੋਂ ਜ਼ਿਆਦਾ ਮੁਲਜ਼ਮਾਂ ਦੇ ਨਾਮ ਸ਼ਾਮਲ ਕੀਤੇ ਗਏ ਹਨ। ਕਤਲ ਤੇ ਸਾਜ਼ਿਸ਼ ਲਈ ਮੁੱਖ ਮੁਲਜ਼ਮ ਤੇ ਹੋਰ ਮੁਲਜ਼ਮਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਚਾਰਜਸ਼ੀਟ ਵਿੱਚ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ, ਮਨਮੋਹਨ ਮੋਹਨਾ, ਦੀਪਕ ਟੀਨੂੰ, ਸੰਦੀਪ ਕੇਕੜਾ, ਅੰਕਿਤ ਸਿਰਸਾ, ਪ੍ਰਿਆਵਰਤ ਫ਼ੌਜੀ, ਸਚਿਨ ਭਿਵਾਨੀ, ਕੇਸ਼ਵ, ਕਸ਼ਿਸ਼, ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਮਨਪ੍ਰੀਤ ਮਾਨੂ, ਜਗਰੂਪ ਰੂਪਾ, ਫ਼ਰਾਰ ਸ਼ੂਟਰ ਦੀਪਕ ਮੁੰਡੀ, ਮਨਪ੍ਰੀਤ ਭਾਊ, ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਦਿੱਲੀ ਅਤੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਹੋਰ ਮੁਲਜ਼ਮਾਂ ਦੇ ਨਾਮ ਵੀ ਸ਼ਾਮਲ ਕੀਤੇ ਗਏ ਹਨ। ਕਾਬਿਲੇਗੌਰ ਹੈ ਕਿ ਇਸ ਮਾਮਲੇ ਵਿੱਚ ਪਹਿਲੀ ਗ੍ਰਿਫ਼ਤਾਰੀ ਮਾਨਸਾ ਪੁਲਿਸ ਨੇ ਦੇਹਰਾਦੂਨ ਤੋਂ ਮਨਪ੍ਰੀਤ ਨਾਮ ਦੇ ਇੱਕ ਮੁਲਜ਼ਮ ਦੇ ਕਤਲ ਦੇ ਅਗਲੇ ਦਿਨ ਕੀਤੀ ਸੀ। ਇਸ ਚਾਰਜਸ਼ੀਟ 'ਚ 40 ਤੋਂ ਵੱਧ ਲੋਕਾਂ ਨੂੰ ਗਵਾਹ ਬਣਾਇਆ ਗਿਆ ਹੈ, ਜਿਨ੍ਹਾਂ 'ਚ ਜਾਂਚ 'ਚ ਸ਼ਾਮਲ ਪੁਲਿਸ ਅਧਿਕਾਰੀ, ਮੂਸੇਵਾਲਾ ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰ, ਮੂਸੇਵਾਲਾ ਦੇ ਨਾਲ-ਨਾਲ ਦੋ ਚਸ਼ਮਦੀਦ ਗਵਾਹ ਵੀ ਸ਼ਾਮਲ ਹਨ, ਜੋ ਉਸ ਸਮੇਂ ਥਾਰ 'ਚ ਸਨ। ਇਹ ਵੀ ਪੜ੍ਹੋ : ਪੁਲਿਸ ਨਾਲ ਮੁਕਾਬਲੇ ਮਗਰੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਗਿਰੋਹ ਦੇ 2 ਗੁਰਗੇ ਦਬੋਚੇ ਮੂਸੇਵਾਲਾ ਦੇ ਪਰਿਵਾਰ 'ਚ ਉਸ ਦੇ ਪਿਤਾ ਤੇ ਹੋਰ ਪਰਿਵਾਰਕ ਮੈਂਬਰਾਂ ਦੇ ਬਿਆਨ, ਮੂਸੇਵਾਲਾ ਦੀ ਸੁਰੱਖਿਆ 'ਚ ਤਾਇਨਾਤ ਪੁਲਿਸ ਮੁਲਾਜ਼ਮਾਂ ਦੇ ਬਿਆਨ, ਫੋਰੈਂਸਿਕ ਟੀਮ ਦੇ ਮੈਂਬਰਾਂ ਦੇ ਬਿਆਨ, ਘਟਨਾ ਸਮੇਂ ਮੌਜੂਦ ਚਸ਼ਮਦੀਦ ਗਵਾਹਾਂ ਦੇ ਬਿਆਨਾਂ ਤੋਂ ਇਲਾਵਾ ਜਿੱਥੇ ਗੋਲ਼ੀ ਚਲਾਉਣ ਵਾਲੇ ਅਤੇ ਹੋਰ ਮੁਲਜ਼ਮਾਂ ਨੇ ਸ਼ਰਨ ਲਈ ਸੀ। ਇਸ ਚਾਰਜਸ਼ੀਟ ਵਿੱਚ ਹੋਟਲ ਸਟਾਫ਼ ਜਾਂ ਉਨ੍ਹਾਂ ਨੂੰ ਉੱਥੇ ਪਨਾਹ ਦੇਣ ਵਾਲੇ ਵਿਅਕਤੀ ਦੇ ਬਿਆਨ ਸ਼ਾਮਲ ਕੀਤੇ ਗਏ ਹਨ। -PTC News