ਇਸਲਾਮਾਬਾਦ: ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਸ਼ਿਰਾਨੀ ਜ਼ਿਲ੍ਹੇ 'ਚ ਕਵੇਟਾ ਜਾ ਰਹੀ ਇਕ ਬੱਸ ਦੇ ਖੱਡ 'ਚ ਡਿੱਗਣ ਕਾਰਨ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ। ਬਚਾਅ ਅਧਿਕਾਰੀਆਂ ਮੁਤਾਬਕ ਬਦਕਿਸਮਤੀ ਨਾਲ ਰਾਵਲਪਿੰਡੀ ਤੋਂ ਕਵੇਟਾ ਜਾ ਰਹੀ ਯਾਤਰੀ ਬੱਸ ਸ਼ਿਰਾਨੀ ਜ਼ਿਲ੍ਹੇ ਦੇ ਦਾਨਸਰ ਇਲਾਕੇ ਦੇ ਕੋਲ ਡੂੰਘੀ ਖੱਡ 'ਚ ਡਿੱਗ ਗਈ। ਇਨ੍ਹਾਂ 'ਚੋਂ ਜ਼ਿਆਦਾਤਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਲਈ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਸ਼ਿਰਾਨੀ ਜ਼ਿਲ੍ਹੇ ਦੇ ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਇਹ ਘਟਨਾ ਖੈਬਰ ਪਖਤੂਨਖਵਾ ਸੂਬੇ ਦੀ ਸਰਹੱਦ ਦੇ ਅੰਦਰ ਵਾਪਰੀ। ਸੂਚਨਾ ਮਿਲਦੇ ਹੀ ਪੁਲਿਸ ਅਤੇ ਬਚਾਅ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ, ਲਾਸ਼ਾਂ ਅਤੇ ਜ਼ਖਮੀਆਂ ਨੂੰ ਝੌਬ ਅਤੇ ਮੁਗਲ ਕੋਟ ਦੇ ਹਸਪਤਾਲਾਂ 'ਚ ਭੇਜ ਦਿੱਤਾ ਗਿਆ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਨਾ ਹੀ ਮ੍ਰਿਤਕਾਂ ਦੀ ਪਛਾਣ ਹੋ ਸਕੀ ਹੈ। ਇਹ ਵੀ ਪੜ੍ਹੋ: ਜਬਰ ਜਨਾਹ ਦਾ ਮਾਮਲਾ: ਸਿਮਰਜੀਤ ਸਿੰਘ ਬੈਂਸ ਦੇ ਭਰਾ ਨੂੰ ਅਦਾਲਤ ਨੇ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਹਾਦਸੇ 'ਚ ਮਾਰੇ ਗਏ ਲੋਕਾਂ ਪ੍ਰਤੀ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸਬੰਧਤ ਅਧਿਕਾਰੀਆਂ ਨੂੰ ਜ਼ਖਮੀਆਂ ਨੂੰ ਤੁਰੰਤ ਵਧੀਆ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਜਾਣਕਾਰੀ ਮੁਤਾਬਕ ਬੱਸ 'ਚ ਕੁੱਲ 30 ਯਾਤਰੀ ਸਵਾਰ ਸਨ। ਬੱਸ ਇਸਲਾਮਾਬਾਦ ਤੋਂ ਕਵੇਟਾ ਜਾ ਰਹੀ ਸੀ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਹਾਦਸਾ ਡਰਾਈਵਰ ਦੀ ਗਲਤੀ ਜਾਂ ਲਾਪਰਵਾਹੀ ਕਾਰਨ ਹੋਇਆ ਜਾਂ ਬੱਸ 'ਚ ਕੋਈ ਨੁਕਸ ਸੀ। -PTC News