ਨਵਾਂਸ਼ਹਿਰ : ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਵਿੱਚ ਵੱਡਾ ਬਹੁਮਤ ਹਾਸਲ ਕੀਤਾ ਹੈ। ਆਮ ਆਦਮੀ ਪਾਰਟੀ ਵੱਲੋਂ ਨਾਮਜ਼ਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ ਵਿਵਾਦ ਖੜ੍ਹਾ ਹੋ ਗਿਆ ਹੈ। ਖਟਕੜ ਕਲਾ ਵਿੱਚ ਹੋਣ ਜਾ ਰਹੇ ਸਮਾਗਮ ਲਈ 100 ਏਕੜ ਖੜ੍ਹੀ ਕਣਕ ਵੱਢ ਦਿੱਤੀ ਗਈ ਤੇ ਜੇਸੀਬੀ ਮਸ਼ੀਨਾਂ ਤੇ ਟਰੈਕਟਰ ਨਾਲ ਜ਼ਮੀਨ ਪੱਧਰੀ ਕਰ ਕੇ ਪਾਰਕਿੰਗ ਲਈ ਥਾਂ ਬਣਾਈ ਗਈ ਹੈ। ਇਹ ਕਣਕ ਹਾਲੇ ਕੱਚੀ ਹੈ ਤੇ ਸਮੇਂ ਤੋਂ ਪਹਿਲਾਂ ਹੀ ਵੱਢ ਦਿੱਤੀ ਗਈ ਹੈ ਜਿਸ ਕਾਰਨ ਮਾਲਕ ਕਿਸਾਨ ਨੂੰ 46 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦੇਣ ਦਾ ਭਰੋਸੀ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੰਡਾਲ ਨਾਲ ਲੱਗਦੀ ਜਗ੍ਹਾ ਸਮਾਗਮ ਦੀ ਪਾਰਕਿੰਗ ਲਈ ਵਰਤੀ ਜਾਣੀ ਹੈ। ਸ਼ਹੀਦ ਭਗਤ ਸਿੰਘ ਦੀ ਯਾਦਗਾਰ ਦੇ ਨਾਲ ਲੱਗਦੇ ਖੇਤ ਸਮਾਗਮਾਂ ਅਤੇ ਪਾਰਕਿੰਗ ਲਈ ਕਿਰਾਏ ਉਤੇ ਦਿੱਤੇ ਗਏ ਹਨ। ਇਸ ਵਿੱਚੋਂ ਪਾਰਕਿੰਗ ਲਈ ਵਰਤੀ ਜਾਣ ਵਾਲੀ 100 ਏਕੜ ਜ਼ਮੀਨ ਨੂੰ ਖ਼ਾਲੀ ਕਰਵਾਇਆ ਜਾ ਰਿਹਾ ਹੈ। ਲੋਕ ਖੇਤਾਂ ਵਿੱਚ ਖੜ੍ਹੀ ਹਰੀ ਫ਼ਸਲ ਨੂੰ ਕੱਟ ਕੇ ਆਪਣੇ ਪਸ਼ੂਆਂ ਲਈ ਚਾਰੇ ਵਜੋਂ ਵਰਤ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਸਮਾਗਮ ਲਈ 2 ਕਰੋੜ ਰੁਪਏ ਖ਼ਰਚਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੇ ਪੁੱਜਣ ਦੀ ਉਮੀਦ ਹੈ। ਇਸ ਪ੍ਰੋਗਰਾਮ ਦੀਆਂ ਤਿਆਰੀਆਂ ਜ਼ੋਰਾਂ ਉਤੇ ਚੱਲ ਰਹੀਆਂ ਹਨ। ਸਮਾਗਮ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਪੁੱਜਣਗੇ ਤੇ ਇਸ ਤੋਂ ਇਲਾਵਾ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਪੁੱਜਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪ੍ਰੋਗਰਾਮ ਵਿੱਚ ਸਾਰੇ ਜਣੇ ਬਸੰਤੀ ਰੰਗ ਦੀਆਂ ਪੱਗਾਂ ਤੇ ਔਰਤਾਂ ਨੂੰ ਪੀਲੇ ਸ਼ਾਲ ਜਾਂ ਸਟਾਲ ਲੈ ਕੇ ਆਉਣ ਦੀ ਅਪੀਲ ਕੀਤੀ ਹੈ। ਇਹ ਵੀ ਪੜ੍ਹੋ : 'ਆਪ' ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਚੀਫ ਖਾਲਸਾ ਦੀਵਾਨ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ