ਇਮਰਾਨ ਖ਼ਾਨ ਦੇ ਸਿਆਸੀ ਭਵਿੱਖ ਦਾ ਫ਼ੈਸਲਾ ਅੱਜ
ਇਸਲਾਮਾਬਾਦ : ਅੱਜ ਨੈਸ਼ਨਲ ਅਸੈਂਬਲੀ ਦੇ 342 ਸੀਟਾਂ ਵਾਲੇ ਹੇਠਲੇ ਸਦਨ ਵਿੱਚ ਬੇਭਰੋਸਗੀ ਮਤੇ 'ਤੇ ਵੋਟਿੰਗ ਹੋਵੇਗੀ, ਜੇਕਰ 172 ਮੈਂਬਰ ਇਮਰਾਨ ਖ਼ਾਨ ਦੇ ਖ਼ਿਲਾਫ਼ ਵੋਟ ਕਰਦੇ ਹਨ ਤਾਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣਾ ਪੈ ਸਕਦਾ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਵਿਰੋਧੀ ਧਿਰਾਂ ਵੱਲੋਂ ਪੇਸ਼ ਬੇਭਰੋਸਗੀ ਮਤੇ ਉਤੇ ਨੈਸ਼ਨਲ ਅਸੈਂਬਲੀ ਦੇ ਮੈਂਬਰ ਵੋਟਿੰਗ ਕਰਨਗੇ। ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ, ਨੈਸ਼ਨਲ ਅਸੈਂਬਲੀ ਦੇ ਸਪੀਕਰ ਸੰਸਦ ਭਵਨ ਵਿੱਚ ਪੰਜ ਮਿੰਟ ਤੱਕ ਘੰਟੀ ਵਜਾਉਣਗੇ ਤਾਂ ਕਿ ਨੈਸ਼ਨਲ ਅਸੈਂਬਲੀ ਦੇ ਜੋ ਮੈਂਬਰ ਸਦਨ ਦੇ ਬਾਹਰ ਲੌਬੀ ਜਾਂ ਸੰਸਦ ਭਵਨ ਦੇ ਕੌਰੀਡੋਰ ਵਿੱਚ ਹੋਣ, ਉਹ ਸਦਨ ਵਿੱਚ ਆ ਜਾਣ। ਇਸ ਤੋਂ ਬਾਅਦ ਸਦਨ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਣਗੇ। ਉਸ ਤੋਂ ਬਾਅਦ, ਬੇਭਰੋਸਗੀ ਮਤੇ 'ਤੇ ਵੋਟਿੰਗ ਪੂਰੀ ਹੋਣ ਤੱਕ ਕਿਸੇ ਨੂੰ ਵੀ ਨੈਸ਼ਨਲ ਅਸੈਂਬਲੀ ਦੇ ਅੰਦਰ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਸੰਸਦ ਵਿੱਚ ਬੇਭਰੋਸਗੀ ਦੇ ਮਤੇ ਉਤੇ ਵੋਟਿੰਗ ਹੋਵੇਗੀ। ਇਸ ਨਾਲ ਉਨ੍ਹਾਂ ਦੇ ਭਵਿੱਖ ਦਾ ਫ਼ੈਸਲਾ ਹੋ ਜਾਵੇਗਾ। ਇਮਰਾਨ ਨੇ ਮਤੇ ਉਤੇ ਵੋਟਿੰਗ ਦੌਰਾਨ ਭਾਵੇਂ ‘ਇਨਸਵਿੰਗ ਯੌਰਕਰ ਗੇਂਦ ਸੁੱਟਣ’ ਦਾ ਵਾਅਦਾ ਕੀਤਾ ਹੈ ਪਰ ਬਹੁਮਤ ਦੇ ਮਾਮਲੇ ’ਚ ਵਿਰੋਧੀ ਧਿਰ ਅੱਗੇ ਨਿਕਲ ਗਈ ਹੈ। ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਕਈ ਸੰਸਦ ਮੈਂਬਰ ਇਮਰਾਨ ਖ਼ਾਨ ਦਾ ਸਾਥ ਛੱਡ ਗਏ ਹਨ ਜਦਕਿ ਦੋ ਭਾਈਵਾਲ ਪਾਰਟੀਆਂ ਨੇ ਹਮਾਇਤ ਵਾਪਸ ਲੈਂਦਿਆਂ ਵਿਰੋਧੀ ਧਿਰ ਨਾਲ ਹੱਥ ਮਿਲਾ ਲਏ ਹਨ। ਵਿਰੋਧੀ ਧਿਰ ਦੇ ਆਗੂ ਸ਼ਾਹਬਾਜ਼ ਸ਼ਰੀਫ਼ ਵੱਲੋਂ ਪੇਸ਼ ਬੇਭਰੋਸਗੀ ਦੇ ਮਤੇ ’ਤੇ ਐਤਵਾਰ ਨੂੰ ਨੈਸ਼ਨਲ ਅਸੈਂਬਲੀ ’ਚ ਵੋਟਿੰਗ ਹੋਣ ਦੀ ਸੰਭਾਵਨਾ ਹੈ। ਇਮਰਾਨ ਖ਼ਾਨ ਨੂੰ ਸਰਕਾਰ ਬਚਾਉਣ ਲਈ 342 ਵਿਚੋਂ 172 ਵੋਟਾਂ ਦੀ ਜ਼ਰੂਰਤ ਹੈ ਜਦਕਿ ਵਿਰੋਧੀ ਧਿਰ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ 175 ਮੈਂਬਰਾਂ ਦੀ ਹਮਾਇਤ ਹਾਸਲ ਹੈ ਅਤੇ ਪ੍ਰਧਾਨ ਮੰਤਰੀ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਮਰਾਨ ਨੇ ਅਸਤੀਫ਼ਾ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਉਹ ‘ਆਖਰੀ ਗੇਂਦ ਤੱਕ ਲੜਨਗੇ।’ ਇੰਟਰਵਿਊ ਦੌਰਾਨ ਇਮਰਾਨ ਖ਼ਾਨ ਨੇ ਖੁਲਾਸਾ ਕੀਤਾ ਕਿ ਪਾਕਿਸਤਾਨੀ ਫ਼ੌਜ ਨੇ ਉਸ ਨੂੰ ਬੇਭਰੋਸਗੀ ਦੇ ਵੋਟ ਦਾ ਸਾਹਮਣਾ ਕਰਨ, ਛੇਤੀ ਚੋਣਾਂ ਕਰਵਾਉਣ ਜਾਂ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਤਿੰਨ ਰਾਹ ਦਿੱਤੇ ਹਨ। ਉਨ੍ਹਾਂ ਕਿਹਾ,‘‘ਮੇਰੇ ਮੁਤਾਬਕ ਛੇਤੀ ਚੋਣਾਂ ਕਰਵਾਉਣਾ ਬਿਹਤਰੀਨ ਬਦਲ ਹੈ। ਮੈਂ ਅਸਤੀਫ਼ਾ ਦੇਣ ਬਾਰੇ ਨਹੀਂ ਸੋਚ ਸਕਦਾ ਹਾਂ। ਬੇਭਰੋਸਗੀ ਦੇ ਮਤੇ ਬਾਰੇ ਮੈਂ ਮੰਨਦਾ ਹਾਂ ਕਿ ਮੈਂ ਆਖਰੀ ਮਿੰਟ ਤੱਕ ਲੜਾਂਗਾ।’’ ਉਧਰ ਸੂਤਰਾਂ ਮੁਤਾਬਕ ਸਰਕਾਰ ਤੇ ਸਾਂਝੀ ਵਿਰੋਧੀ ਧਿਰ ਵਿਚਕਾਰ ਅੰਦਰਖਾਤੇ ਗੱਲਬਾਤ ਚੱਲ ਰਹੀ ਹੈ। ਜੇ ਵਿਰੋਧੀ ਧਿਰ ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਦਾ ਮਤਾ ਵਾਪਸ ਲੈ ਲੈਂਦੀ ਹੈ ਤਾਂ ਇਸ ਦੇ ਏਵੱਜ਼ ਵਿੱਚ ਨੈਸ਼ਨਲ ਅਸੈਂਬਲੀ ਭੰਗ ਕਰਕੇ ਫੌਰੀ ਚੋਣਾਂ ਦਾ ਐਲਾਨ ਕੀਤਾ ਜਾਵੇਗਾ। ਇਹ ਵੀ ਪੜ੍ਹੋ : ਮਾਈਨਿੰਗ ਮਾਮਲੇ 'ਚ ED ਨੇ ਸਾਬਕਾ CM ਚੰਨੀ ਦੇ ਭਤੀਜੇ ਖਿਲਾਫ਼ ਚਾਰਜਸ਼ੀਟ ਕੀਤੀ ਦਾਇਰ