ਜੇਕਰ ਬਲਾਤਕਾਰੀਆਂ ਨੂੰ ਛੱਡਿਆ ਜਾ ਸਕਦਾ ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ: ਐਡਵੋਕੇਟ ਧਾਮੀ

By  Pardeep Singh August 21st 2022 03:05 PM

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਰਕਾਰਾਂ ਨੂੰ ਤਿੱਖਾ ਸਵਾਲ ਕਰਦਿਆਂ ਕਿਹਾ ਹੈ ਕਿ ਜੇਕਰ ਗੁਜਰਾਤ 'ਚ ਬਲਾਤਕਾਰ ਕੇਸ ਵਿੱਚ ਸਜ਼ਾ ਭੁਗਤ ਰਹੇ ਦੋਸ਼ੀਆਂ ਨੂੰ ਛੱਡਣ ਦਾ ਫੈਸਲਾ ਕੀਤਾ ਜਾ ਸਕਦਾ ਹੈ ਤਾਂ ਫਿਰ ਉਮਰ ਕੈਦ ਤੋਂ ਦੁੱਗਣੀਆਂ ਸਜਾਵਾਂ ਭੁਗਤਣ ਵਾਲੇ ਸਿੱਖਾਂ ਨੂੰ ਰਿਹਾਅ ਕਿਉਂ ਨਹੀਂ ਕੀਤਾ ਜਾ ਸਕਦਾ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਸਰਕਾਰਾਂ ਪੱਖਪਾਤ ਵਾਲੀ ਨੀਤੀ ਅਪਣਾ ਰਹੀਆਂ ਹਨ। ਇਕ ਪਾਸੇ ਬਲਾਤਕਾਰ ਵਰਗੇ ਸੰਗੀਨ ਤੇ ਸਮਾਜ ਦੇ ਨਾਂ ’ਤੇ ਧੱਬਾ ਕਹੇ ਜਾਂਦੇ ਅਪਰਾਧ ਬਲਾਤਕਾਰ ਦੇ ਦੋਸ਼ੀਆਂ ਨੂੰ ਸਰਕਾਰਾਂ ਵੱਲੋਂ ਹਮਦਰਦੀ ਭਰੀ ਭਾਵਨਾ ਨਾਲ ਛੱਡ ਦਿੱਤੇ ਜਾਂਦੇ ਹਨ, ਜਦਕਿ ਦੂਜੇ ਪਾਸੇ ਸਿੱਖ ਬੰਦੀਆਂ ਨੂੰ ਤਿੰਨ-ਤਿੰਨ ਦਹਾਕਿਆਂ ਤੋਂ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਰਖਿਆ ਹੋਇਆ ਹੈ।

ਐਡਵੋਕੇਟ ਧਾਮੀ ਨੇ ਇਸ ਪੱਖਪਾਤ ਨੂੰ ਭਾਰਤੀ ਸੰਵਿਧਾਨ ਦੇ ਉਲੰਘਣ ਦੇ ਨਾਲ ਨਾਲ ਮਨੁੱਖੀ ਅਧਿਕਾਰਾਂ ਦੀ ਵੀ ਹੱਤਿਆ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹਾ ਧੱਕਾ ਅਤੇ ਪੱਖਪਾਤ ਠੀਕ ਨਹੀਂ ਹੈ ਅਤੇ ਸਰਕਾਰਾਂ ਨੂੰ ਇਸ ਮਾਮਲੇ ’ਤੇ ਸੰਜੀਦਾ ਵਿਚਾਰ ਦੀ ਲੋੜ ਹੈ। ਐਡਵੋਕੇਟ ਧਾਮੀ ਨੇ ਭਾਰਤ ਸਰਕਾਰ ਨੂੰ ਸਭ ਲਈ ਇਕੋ ਜਿਹੀ ਨੀਤੀ ਅਪਣਾਉਣ ਲਈ ਨੇਕਦਿਲੀ ਧਾਰਨ ਕਰਨ ਦੀ ਸਲਾਹ ਦਿੱਤੀ ਅਤੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰਨ ਲਈ ਆਖਿਆ।

ਇਸੇ ਦੌਰਾਨ ਸ੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੁੜੈਲ ਜੇਲ੍ਹ ਵਿੱਚ ਬੰਦ ਭਾਈ ਲਖਵਿੰਦਰ ਸਿੰਘ ਨੂੰ ਆਪਣੀ ਭੁੱਖ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਆਖਿਆ ਕਿ ਸਿੱਖ ਧਰਮ ਅੰਦਰ ਭੁੱਖ ਹੜਤਾਲ ਨੂੰ ਕੋਈ ਥਾਂ ਨਹੀਂ ਹੈ, ਇਸ ਲਈ ਉਹ ਆਪਣੀ ਜਿੱਦ ਛੱਡ ਦੇਣ। ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਬੰਦੀ ਸਿੰਘਾਂ ਨੂੰ ਇਨਸਾਫ ਦਿਵਾਉਣ ਲਈ ਯਤਨਸੀਲ ਹੈ ਤੇ ਰਹੇਗੀ।

ਇਹ ਵੀ ਪੜ੍ਹੋ:ਅੰਮ੍ਰਿਤਸਰ: ਬੰਬ ਮਾਮਲੇ 'ਚ ਪੁਲਿਸ ਵੱਲੋਂ ਰਾਜਸਥਾਨ 'ਚ ਛਾਪੇਮਾਰੀ -PTC News

Related Post