ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫ਼ਤਾਰ IAS ਸੰਜੇ ਪੋਪਲੀ ਨੂੰ ਨਿਆਇਕ ਹਿਰਾਸਤ 'ਚ ਭੇਜਿਆ
ਚੰਡੀਗੜ੍ਹ: ਸੀਨੀਅਰ ਆਈਏਐਸ ਸੰਜੇ ਪੋਪਲੀ ਨੂੰ ਅਦਾਲਤ ਨੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਸੰਜੇ ਪੋਪਲੀ ਨੂੰ ਜੀਐਮਸੀਐਚ-32 ਤੋਂ ਸਿੱਧਾ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸੂਤਰਾਂ ਮੁਤਾਬਕ ਸੰਜੇ ਪੋਪਲੀ ਨੇ ਆਪਣੇ ਬੇਟੇ ਕਾਰਤਿਕ ਪੋਪਲੀ ਦੇ ਸੰਸਕਾਰ 'ਤੇ ਆਉਣ ਲਈ ਆਪਣੇ ਵਕੀਲ ਰਾਹੀਂ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਹੈ। ਹਾਲਾਂਕਿ ਇਸ ਪਟੀਸ਼ਨ 'ਤੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਸੰਜੇ ਪੋਪਲੀ ਨੂੰ ਵਿਜੀਲੈਂਸ ਮੁਹਾਲੀ ਦੀ ਟੀਮ ਨੇ ਠੇਕੇਦਾਰ ਤੋਂ ਕਮਿਸ਼ਨ ਮੰਗਣ ਦੇ ਇਲਜ਼ਾਮ ਵਿੱਚ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਸੀ। ਪੋਪਲੀ ਅਤੇ ਉਸ ਦੇ ਸੈਕਟਰੀ ਸੰਦੀਪ ਵਤਸ ਦੋਵਾਂ ਨੂੰ ਸ਼ਨੀਵਾਰ ਨੂੰ ਮੋਹਾਲੀ ਦੀ ਅਦਾਲਤ 'ਚ ਪੇਸ਼ ਕੀਤਾ ਜਾਣਾ ਸੀ ਪਰ ਸ਼ਨੀਵਾਰ ਨੂੰ ਦੁਪਹਿਰ 12.30 ਵਜੇ ਜਦੋਂ ਸੰਜੇ ਪੋਪਲੀ ਨੂੰ ਰਿਕਵਰੀ ਲਈ ਉਸ ਦੇ ਚੰਡੀਗੜ੍ਹ ਸਥਿਤ ਘਰ ਲਿਜਾਇਆ ਗਿਆ ਤਾਂ ਉਸ ਦੇ ਇਕਲੌਤੇ ਪੁੱਤਰ ਕਾਰਤਿਕ ਪੋਪਲੀ ਨੇ ਲਾਇਸੈਂਸੀ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਲਈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ IAS ਸੰਜੇ ਪੋਪਲੀ ਨੂੰ ਆਪਣੇ ਇਕਲੌਤੇ ਪੁੱਤਰ ਕਾਰਤਿਕ ਪੋਪਲੀ ਦੀ ਮੌਤ ਦਾ ਗਹਿਰਾ ਸਦਮਾ ਲੱਗਾ ਹੈ। ਇਸ ਤੋਂ ਬਾਅਦ ਵਿਜੀਲੈਂਸ ਟੀਮ ਪੋਪਲੀ ਨੂੰ ਫੇਜ਼-6 ਸਥਿਤ ਜ਼ਿਲ੍ਹਾ ਸਿਵਲ ਹਸਪਤਾਲ ਲੈ ਗਈ। ਇਸ ਦੌਰਾਨ ਵਿਜੀਲੈਂਸ ਹਿਰਾਸਤ ਵਿੱਚ ਫੇਜ਼-6 ਸਿਵਲ ਹਸਪਤਾਲ ਤੋਂ ਸੈਕਟਰ-32 ਹਸਪਤਾਲ ਵਿੱਚ ਐਂਬੂਲੈਂਸ ਵਿੱਚ ਦਾਖ਼ਲ ਹੋਣ ਸਮੇਂ ਪੋਪਲੀ ਨੇ ਮੀਡੀਆ ਨੂੰ ਰੋਂਦਿਆਂ ਕਿਹਾ ਕਿ ਮੇਰੇ ਲੜਕੇ ਦਾ ਕਤਲ ਹੋਇਆ ਹੈ ਅਤੇ ਮੈਂ ਖੁਦ ਇਸ ਦਾ ਚਸ਼ਮਦੀਦ ਗਵਾਹ ਹਾਂ। ਹੁਣ ਵਿਜੀਲੈਂਸ ਵਾਲੇ ਮੈਨੂੰ ਹੋਰ ਹਸਪਤਾਲ ਲੈ ਜਾ ਰਹੇ ਹਨ ਅਤੇ ਹੁਣ ਉਹ ਮੈਨੂੰ ਵੀ ਮਾਰਨਾ ਚਾਹੁੰਦੇ ਹਨ। ਵਿਜੀਲੈਂਸ ਮੁਹਾਲੀ ਨੇ ਪੋਪਲੀ ਦੇ ਘਰ ਸਥਿਤ ਸਟੋਰ ਰੂਮ ਵਿੱਚੋਂ ਕਰੀਬ 20 ਕਰੋੜ ਰੁਪਏ ਦਾ ਸੋਨਾ ਬਰਾਮਦ ਕੀਤਾ ਸੀ। ਇਹ ਵੀ ਪੜ੍ਹੋ : ਸੁਖਬੀਰ ਸਿੰਘ ਬਾਦਲ ਨੇ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਜਿੱਤਣ ’ਤੇ ਸਿਮਰਨਜੀਤ ਸਿੰਘ ਮਾਨ ਨੂੰ ਦਿੱਤੀ ਵਧਾਈ ਪੋਪਲੀ ਕੋਲੋਂ ਬਰਾਮਦ ਹੋਏ ਸੋਨੇ ਦੇ ਬਿਸਕੁਟਾਂ 'ਤੇ ਕੈਨੇਡਾ ਦੀ ਮੋਹਰ ਲੱਗੀ ਹੋਈ ਸੀ ਅਤੇ ਉਨ੍ਹਾਂ 'ਤੇ ਲੱਗੇ ਨੰਬਰ ਮਿਟਾ ਦਿੱਤੇ ਗਏ ਸਨ। ਵਿਜੀਲੈਂਸ ਦੇ ਡੀਐਸਪੀ ਅਜੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਸੋਨਾ ਕਿਸ ਰਸਤੇ ਇੱਥੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਈਡੀ ਇਸ ਮਾਮਲੇ 'ਚ ਆਪਣੇ ਪੱਧਰ 'ਤੇ ਜਾਂਚ ਸ਼ੁਰੂ ਕਰੇਗੀ। -PTC News