ਰਿਵਾਇਤੀ ਪਾਰਟੀਆਂ ਤੋਂ ਕਿਵੇਂ ਵੱਖਰਾ ਹੋਵੇਗਾ ਸੰਯੁਕਤ ਸਮਾਜ ਮੋਰਚੇ ਦਾ ਕੰਮ ? ਵੇਖੋ ਖਾਸ ਰਿਪੋਰਟ
ਮੁਹਾਲੀ: ਪੰਜਾਬ ਵਿਧਾਨ ਸਭਾ ਚੋਣਾਂ 2022 ਕੁੱਝ ਨਵਾਂ ਲੈ ਕੇ ਆ ਰਹੀਆਂ ਹਨ। ਪੰਜਾਬ ਵਿੱਚ ਇਤਿਹਾਸ ਗਵਾਹ ਹੈ ਕਿ ਰਵਾਇਤੀ ਪਾਰਟੀਆਂ ਦਾ ਸਿਆਸਤ ਉੱਤੇ ਕਬਜ਼ਾ ਰਿਹਾ ਹੈ। ਵਿਧਾਨ ਸਭਾ ਚੋਣਾਂ 2022 ਵਿੱਚ ਸ਼੍ਰੋਮਣੀ ਅਕਾਲੀ ਦਲ, ਕਾਂਗਰਸ , ਆਮ ਆਦਮੀ ਪਾਰਟੀ ਅਤੇ ਸੰਯੁਕਤ ਸਮਾਜ ਮੋਰਚਾ ਮੈਦਾਨ ਵਿੱਚ ਹਨ। ਕੇਂਦਰ ਨੂੰ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਮਜ਼ਬੂਰ ਕਰਨ ਤੋਂ ਬਾਅਦ, ਕਿਸਾਨ ਜਥੇਬੰਦੀ ਸੰਯੁਕਤ ਸਮਾਜ ਮੋਰਚਾ ਹੁਣ ਪੰਜਾਬ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਸਿਆਸਤ ਵਿੱਚ ਉਤਰ ਗਿਆ ਹੈ।
ਪੀਟੀਸੀ ਦੇ ਸੰਪਾਦਕ ਹਰਪ੍ਰੀਤ ਸਿੰਘ ਦੁਆਰਾ ਹੋਸਟ ਕੀਤੇ ਗਏ ਇੱਕ ਟੀਵੀ ਵਿਚਾਰ ਤਕਰਾਰ ਸ਼ੋਅ ਦੇ ਬੁੱਧਵਾਰ ਦੇ ਐਡੀਸ਼ਨ ਵਿਚ ਇਸ ਮੁੱਦੇ ਉੱਤੇ ਵਿਚਾਰ ਚਰਚਾ ਕੀਤੀ ਗਈ। ਬੁਲਾਰਿਆਂ ਵਿੱਚ ਸੀਨੀਅਰ ਪੱਤਰਕਾਰ ਸਾਧੂ ਸਿੰਘ ਬਰਾੜ, ਡਾ. ਪਿਆਰੇ ਲਾਲ ਗਰਗ, ਸਾਬਕਾ ਰਜਿਸਟਰਾਰ, ਬਾਬਾ ਫ਼ਰੀਦ ਯੂਨੀਵਰਸਿਟੀ, ਸਿਆਸੀ ਮਾਹਿਰ ਪ੍ਰੋ.ਮਨਜੀਤ ਸਿੰਘ, ਅਤੇ ਜੰਗਵੀਰ ਸਿੰਘ ਟਾਂਡਾ, ਸੰਯੁਕਤ ਸਮਾਜ ਮੋਰਚਾ ਦੇ ਮੈਂਬਰ ਆਦਿ ਸਨ।
ਜਿੱਥੇ ਕਿਸਾਨ ਜਥੇਬੰਦੀ ਸੰਯੁਕਤ ਸਮਾਜ ਮੋਰਚਾ ਨੇ 14 ਫਰਵਰੀ, 2022 ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 117 ਸੀਟਾਂ 'ਤੇ ਚੋਣ ਲੜਨ ਦਾ ਐਲਾਨ ਕੀਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਉਹ ਸਿਆਸਤ ਦੇ ਇੱਕ ਨਵੇਂ ਦੌਰ ਦੀ ਸ਼ੁਰੂਆਤ ਕਰਨਗੇ। ਇਸ ਫੈਸਲੇ ਨੇ ਕਈ ਸਿਆਸੀ ਜਥੇਬੰਦੀਆਂ ਨੂੰ ਹੈਰਾਨ ਕਰ ਦਿੱਤਾ ਹੈ। ਸਵਾਲ ਉਠਾਏ ਜਾ ਰਹੇ ਹਨ ਕਿ ਕੀ ਕਿਸਾਨ ਸਿਆਸੀ ਮਾਮਲਿਆਂ ਨੂੰ ਸੰਭਾਲ ਸਕਦੇ ਹਨ। ਕਈ ਸਿਆਸੀ ਆਗੂ ਇਹ ਕਹਿ ਰਹੇ ਹਨ ਕਿ ਉਨ੍ਹਾਂ (ਕਿਸਾਨਾਂ) ਨੂੰ ਸਿਆਸੀ ਲਾਹਾ ਲੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਹਾਲਾਂਕਿ, ਕਿਸਾਨਾਂ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਸਿਆਸੀ ਪਾਰਟੀਆਂ ਦਾ ਰਿਕਾਰਡ ਚੰਗਾ ਨਹੀਂ ਹੈ ਅਤੇ ਲੋਕਾਂ ਨੂੰ ਤਬਦੀਲੀ ਦੀ ਲੋੜ ਹੈ। ਸੰਯੁਕਤ ਸਮਾਜ ਮੋਰਚਾ ਨੇ ਦਾਅਵਾ ਕੀਤਾ ਹੈ ਕਿ ਉਹ ਰਾਜਨੀਤੀ ਵਿੱਚ ਨਵਾਂ ਬਦਲਾਅ ਲਿਆਉਣਗੇ। ਸੀਨੀਅਰ ਪੱਤਰਕਾਰ ਸਾਧੂ ਸਿੰਘ ਬਰਾੜ ਨੇ ਕਿਹਾ ਕਿ ਕਿਸਾਨ ਸਿਆਸਤ ਵਿੱਚ ਆਉਣ ਤੋਂ ਬਾਅਦ ਆਪਣੀ "ਪਛਾਣ" ਗੁਆ ਦੇਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਦੂਜੇ ਪਾਸੇ ਜੰਗਵੀਰ ਸਿੰਘ ਟਾਂਡਾ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਹ ਜਨਤਾ ਦੇ ਮਸਲੇ ਜ਼ਮੀਨੀ ਪੱਧਰ ’ਤੇ ਹੱਲ ਕਰਨਗੇ।