CM ਕੇਜਰੀਵਾਲ ਦੀ ਮੀਟਿੰਗ 'ਚ 'ਆਪ' ਦੇ ਕਿੰਨੇ ਪਹੁੰਚੇ ਵਿਧਾਇਕ, ਸੌਰਭ ਭਾਰਦਵਾਜ ਨੇ ਕੀਤੇ ਖੁਲਾਸੇ

By  Pardeep Singh August 25th 2022 02:09 PM

ਨਵੀਂ ਦਿੱਲੀ: ਦਿੱਲੀ ਵਿੱਚ 'ਆਪ੍ਰੇਸ਼ਨ ਲੋਟਸ' ਦੇ ਮੁੱਦੇ 'ਤੇ ਵੀਰਵਾਰ ਨੂੰ ਵੀ ਸਿਆਸੀ ਹੰਗਾਮਾ ਹੋਇਆ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ 'ਤੇ ਵਿਧਾਇਕ ਦਲ ਦੀ ਬੈਠਕ ਬੁਲਾਈ ਗਈ, ਜਿਸ 'ਚ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਸਮੇਤ 9 ਵਿਧਾਇਕ ਨਹੀਂ ਪਹੁੰਚੇ। ਸੂਤਰਾਂ ਅਨੁਸਾਰ ਪਾਰਟੀ ਹਾਈਕਮਾਂਡ ਵੀ ਕੁਝ ਵਿਧਾਇਕਾਂ ਨਾਲ ਸੰਪਰਕ ਨਹੀਂ ਕਰ ਪਾ ਰਹੀ ਹੈ। ਮੀਟਿੰਗ ਤੋਂ ਬਾਅਦ ਕੇਜਰੀਵਾਲ ਰਾਜਘਾਟ ਪਹੁੰਚੇ ਅਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਉਨ੍ਹਾਂ ਨੇ ਕਿਹਾ ਭਾਜਪਾ ਸਾਡੇ 40 ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ। ਸਾਰੇ ਵਿਧਾਇਕਾਂ ਨੂੰ 20-20 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਭਾਜਪਾ ਆਗੂ 800 ਕਰੋੜ ਖਰਚ ਕੇ ਦਿੱਲੀ ਸਰਕਾਰ ਨੂੰ ਭੰਗ ਕਰਨਾ ਚਾਹੁੰਦੇ ਹਨ। 70 ਸੀਟਾਂ ਵਾਲੀ ਦਿੱਲੀ ਵਿਧਾਨ ਸਭਾ 'ਚ 'ਆਪ' ਨੂੰ 62 ਅਤੇ ਭਾਜਪਾ ਨੂੰ 8 ਸੀਟਾਂ ਮਿਲੀਆਂ ਹਨ। ਇਸ ਮੌਕੇ ਸੌਰਭ ਭਾਰਦਵਾਜ ਨੇ ਕਿਹਾ ਕਿ ਦਿੱਲੀ ਵਿੱਚ ਭਾਜਪਾ ਦਾ ਅਪਰੇਸ਼ਨ ਕਮਾਲ ਫੇਲ੍ਹ ਹੋ ਗਿਆ ਹੈ। ਮੀਟਿੰਗ ਵਿੱਚ 62 ਵਿੱਚੋਂ 53 ਵਿਧਾਇਕ ਮੌਜੂਦ ਸਨ। ਵਿਧਾਇਕ ਭਾਰਦਵਾਜ ਦਾ ਕਹਿਣਾ ਹੈ ਕਿ ਸਪੀਕਰ ਦੇਸ਼ ਤੋਂ ਬਾਹਰ ਹਨ ਅਤੇ ਮਨੀਸ਼ ਸਿਸੋਦੀਆ ਹਿਮਾਚਲ ਵਿੱਚ ਹਨ। ਮੁੱਖ ਮੰਤਰੀ ਨੇ ਹੋਰ ਵਿਧਾਇਕਾਂ ਨਾਲ ਫੋਨ 'ਤੇ ਗੱਲ ਕੀਤੀ ਅਤੇ ਸਾਰਿਆਂ ਨੇ ਕਿਹਾ ਕਿ ਉਹ ਆਪਣੇ ਆਖਰੀ ਸਾਹ ਤੱਕ ਮੁੱਖ ਮੰਤਰੀ ਕੇਜਰੀਵਾਲ ਦੇ ਨਾਲ ਹਨ। ਦੱਸ ਦੇਈਏ ਸੀਬੀਆਈ ਨੇ ਆਬਕਾਰੀ ਨੀਤੀ ਨੂੰ ਲੈ ਕੇ ਦਿੱਲੀ ਵਿੱਚ ਪਹਿਲੀ ਵਾਰ 19 ਅਗਸਤ ਨੂੰ ਮਨੀਸ਼ ਸਿਸੋਦੀਆ ਦੇ ਘਰ ਛਾਪਾ ਮਾਰਿਆ ਸੀ। ਇਹ ਛਾਪੇਮਾਰੀ ਕਰੀਬ 14 ਘੰਟੇ ਚੱਲੀ, ਜਿਸ ਤੋਂ ਬਾਅਦ ਸੀਬੀਆਈ ਨੇ ਇਸ ਮਾਮਲੇ ਵਿੱਚ ਪੀਐਮਐਲਏ ਐਕਟ ਤਹਿਤ ਕੇਸ ਦਰਜ ਕੀਤਾ ਸੀ। ਉਦੋਂ ਤੋਂ 'ਆਪ' ਕੇਂਦਰ 'ਚ ਸੱਤਾਧਾਰੀ ਪਾਰਟੀ ਭਾਜਪਾ ਦੇ ਖਿਲਾਫ ਆਵਾਜ਼ ਉਠਾ ਰਹੀ ਹੈ। ਸਿਸੋਦੀਆ ਨੇ ਛਾਪੇਮਾਰੀ ਤੋਂ ਬਾਅਦ ਕਿਹਾ ਸੀ ਕਿ ਭਾਜਪਾ ਨੇ ਉਨ੍ਹਾਂ ਨੂੰ 'ਆਪ' ਛੱਡ ਕੇ ਮੁੱਖ ਮੰਤਰੀ ਬਣਨ ਦੀ ਪੇਸ਼ਕਸ਼ ਕੀਤੀ ਸੀ। ਇਹ ਵੀ ਪੜ੍ਹੋ:ਮਹਿਲਾਵਾਂ ਨੂੰ 1000 ਰੁਪਏ ਨਾ ਦੇਣ 'ਤੇ ਪੰਜਾਬ ਸਰਕਾਰ ਖਿਲਾਫ਼ ਪ੍ਰਨੀਤ ਕੌਰ ਨੇ ਖੋਲ੍ਹਿਆ ਮੋਰਚਾ -PTC News

Related Post