ਮੰਡੀ-ਮਨਾਲੀ ਨੈਸ਼ਨਲ ਹਾਈਵੇਅ ਬੰਦ, HRTC ਬੱਸ ਹਾਦਸਾਗ੍ਰਸਤ, ਸਫ਼ਰ ਕਰਨ ਤੋਂ ਬਚੋ

Himachal News: ਹਿਮਾਚਲ ਪ੍ਰਦੇਸ਼ 'ਚ ਸ਼ਨੀਵਾਰ ਨੂੰ ਭਾਰੀ ਮੀਂਹ ਲਈ ਯੈਲੋ ਅਲਰਟ ਦੇ ਵਿਚਕਾਰ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਕਾਰਨ ਸੜਕਾਂ ਬੰਦ ਹੋ ਗਈਆਂ ਹਨ।

By  Amritpal Singh August 12th 2023 03:08 PM -- Updated: August 15th 2023 12:51 PM

Himachal News: ਹਿਮਾਚਲ ਪ੍ਰਦੇਸ਼ 'ਚ ਸ਼ਨੀਵਾਰ ਨੂੰ ਭਾਰੀ ਮੀਂਹ ਲਈ ਯੈਲੋ ਅਲਰਟ ਦੇ ਵਿਚਕਾਰ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਕਾਰਨ ਸੜਕਾਂ ਬੰਦ ਹੋ ਗਈਆਂ ਹਨ। ਮਲਬਾ ਅਤੇ ਚੱਟਾਨਾਂ ਡਿੱਗਣ ਕਾਰਨ ਮੰਡੀ ਮਨਾਲੀ ਨੈਸ਼ਨਲ ਹਾਈਵੇਅ ਮੀਲ 6 ਅਤੇ 9 ਦੇ ਨੇੜੇ ਬੰਦ ਹੈ। 6 ਮੀਲ 'ਤੇ ਦੇਰ ਸ਼ਾਮ ਇਕ ਆਲਟੋ ਕਾਰ 'ਤੇ ਪੱਥਰ ਡਿੱਗਣ ਕਾਰਨ 6 ਸਾਲਾ ਬੱਚੇ ਦੀ ਮੌਤ ਹੋ ਗਈ ਅਤੇ ਪਰਿਵਾਰ ਦੇ ਹੋਰ ਮੈਂਬਰ ਗੰਭੀਰ ਜ਼ਖਮੀ ਹੋ ਗਏ।

ਨੈਸ਼ਨਲ ਹਾਈਵੇਅ ਰਾਤ ਤੋਂ ਹੀ ਬੰਦ ਹੈ। ਕਟੌਲਾ ਤੋਂ ਵਾਇਆ ਮੰਡੀ ਕੁੱਲੂ ਦੋ ਥਾਵਾਂ ਕੰਢੀ ਅਤੇ ਚੜ੍ਹਦੀ ਨਾਲਾ ਪੱਥਰ ਦਾ ਮਲਬਾ ਡਿੱਗਣ ਕਾਰਨ ਬੰਦ ਹੋ ਗਿਆ ਹੈ। ਪੰਡੋਹ ਅਤੇ ਗੋਹਰ ਦੇ ਵਿਚਕਾਰ ਗੋਹਰ ਤੋਂ 5 ਕਿਲੋਮੀਟਰ ਦੂਰ ਟਿੱਲੀ ਨਾਮਕ ਸਥਾਨ 'ਤੇ ਭਾਰੀ ਮਲਬਾ ਡਿੱਗਣ ਕਾਰਨ ਇਹ ਸੜਕ ਵੀ ਬੰਦ ਹੈ।

ਜ਼ਮੀਨ ਖਿਸਕਣ ਕਾਰਨ ਬੱਸ 50 ਫੁੱਟ ਹੇਠਾਂ ਜਾ ਡਿੱਗੀ

ਬੀਤੀ ਦੇਰ ਸ਼ਾਮ ਤੋਂ ਮੰਡੀ ਖੇਤਰ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਅਤੇ ਸੜਕਾਂ ਦੇ ਬੰਦ ਹੋਣ ਦੀਆਂ ਵੀ ਖ਼ਬਰਾਂ ਹਨ। ਚੱਕੀਮੋਡ ਨੇੜੇ ਢਿੱਗਾਂ ਡਿੱਗਣ ਕਾਰਨ ਸਵੇਰੇ 8 ਵਜੇ ਬੰਦ ਹੋਏ ਕਾਲਕਾ ਸ਼ਿਮਲਾ ਨੈਸ਼ਨਲ ਹਾਈਵੇਅ ਨੂੰ ਸਵੇਰੇ 10.15 ਵਜੇ ਆਵਾਜਾਈ ਲਈ ਬਹਾਲ ਕਰ ਦਿੱਤਾ ਗਿਆ ਹੈ। ਕਰੀਬ ਦੋ ਘੰਟੇ ਹਾਈਵੇਅ ’ਤੇ ਲੰਮਾ ਜਾਮ ਲੱਗਾ ਰਿਹਾ। ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਦੂਜੇ ਪਾਸੇ ਸਵੇਰੇ 5 ਵਜੇ ਸੁੰਦਰਨਗਰ ਤੋਂ ਸ਼ਿਮਲਾ ਜਾ ਰਹੀ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਸੁੰਦਰਨਗਰ ਡਿਪੂ ਦੀ ਬੱਸ ਡਾਹਰ-ਕਾਂਗੂ ਰੋਡ 'ਤੇ ਜ਼ਮੀਨ ਖਿਸਕਣ ਕਾਰਨ ਕਰੀਬ 50 ਫੁੱਟ ਹੇਠਾਂ ਪਲਟ ਗਈ। ਹਾਦਸੇ ਦੌਰਾਨ ਬੱਸ ਵਿੱਚ 12 ਯਾਤਰੀ ਸਵਾਰ ਸਨ।

ਹਾਦਸੇ 'ਚ ਡਰਾਈਵਰ-ਆਪਰੇਟਰ ਸਮੇਤ ਸਾਰੀਆਂ ਸਵਾਰੀਆਂ ਨੂੰ ਸੱਟਾਂ ਲੱਗੀਆਂ ਹਨ। ਜ਼ਖਮੀਆਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਸਾਰਿਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ। ਇਨ੍ਹਾਂ ਵਿੱਚੋਂ 5 ਜ਼ਖਮੀਆਂ ਨੂੰ ਮੈਡੀਕਲ ਕਾਲਜ ਨੇਰਚੌਕ ਰੈਫਰ ਕਰ ਦਿੱਤਾ ਗਿਆ ਹੈ।

ਬੱਸ ਸਵੇਰੇ 5 ਵਜੇ ਸੁੰਦਰਨਗਰ ਤੋਂ ਰਵਾਨਾ ਹੋਈ ਸੀ। ਡੀਐਸਪੀ ਦਿਨੇਸ਼ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਟਰਾਂਸਪੋਰਟ ਕਾਰਪੋਰੇਸ਼ਨ ਦੇ ਖੇਤਰੀ ਮੈਨੇਜਰ ਰਾਜਕੁਮਾਰ ਪਾਠਕ ਨੇ ਦੱਸਿਆ ਕਿ ਟਰਾਂਸਪੋਰਟ ਕਾਰਪੋਰੇਸ਼ਨ ਦੀ ਟੀਮ ਘਟਨਾ ਸਥਾਨ ਲਈ ਰਵਾਨਾ ਹੋ ਗਈ ਹੈ।


Related Post