ਹਾਈ ਕੋਰਟ ਨੇ ਐਸਜੀਪੀਸੀ ਵੱਲੋਂ ਕੱਢੇ ਤਿੰਨ ਮੁਲਾਜ਼ਮਾਂ ਨੂੰ ਬਹਾਲ ਕਰਨ ਦੇ ਦਿੱਤੇ ਹੁਕਮ
ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 328 ਸਰੂਪਾਂ ਦੇ ਮਾਮਲੇ 'ਚ ਐੱਸ.ਜੀ.ਪੀ.ਸੀ. ਵੱਲੋਂ ਬਰਖ਼ਾਸਤ ਕੀਤੇ ਗਏ ਤਿੰਨ ਮੁਲਾਜ਼ਮਾਂ ਨੂੰ ਵਾਪਸ ਨੌਕਰੀ ਉਤੇ ਰੱਖਣ ਲਈ ਐੱਸ.ਜੀ.ਪੀ.ਸੀ. ਨੂੰ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਐਸ.ਜੀ.ਪੀ.ਸੀ. ਨੇ ਗੁਰਬਚਨ ਸਿੰਘ,ਦਲਬੀਰ ਸਿੰਘ ਤੇ ਬਾਜ ਸਿੰਘ ਨੂੰ ਬਰਖ਼ਾਸਤ ਕੀਤਾ ਸੀ। 328 ਸਰੂਪ ਗਾਇਬ ਹੋਣ ਦੇ ਮਾਮਲੇ ਵਿੱਚ ਐਸਜੀਪੀਸੀ ਪ੍ਰਧਾਨ ਨੇ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਸਨ। ਅੰਮ੍ਰਿਤਸਰ ਦੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿੱਚੋਂ 267 ਸਰੂਪਾਂ ਦੇ ਮਾਮਲੇ ਵਿੱਚ ਜਾਂਚ ਕਮੇਟੀ ਦੀ ਰਿਪੋਰਟ ਦੇ ਆਧਾਰ ਉਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖ਼ੇ ਅੱਜ ਹੋਈ ਮੀਟਿੰਗ ਮਗਰੋਂ ਫ਼ੈਸਲਾ ਸੁਣਾਇਆ ਗਿਆ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਸੰਬੰਧੀ ਵੇਰਵੇ ਦਿੰਦਿਆਂ ਕਿਹਾ ਸੀ ਕਿ ਜਾਂਚ ਕਮੇਟੀ ਦੀ ਰਿਪੋਰਟ ਵਿੱਚ ਇਹ ਸਾਹਮਣੇ ਆਇਆ ਹੈ ਕਿ 267 ਹੀ ਨਹੀਂ ਸਗੋਂ 328 ਸਰੂਪ ਗਾਇਬ ਪਾਏ ਗਏ ਸਨ। ਇਸ ਤੋਂ ਇਲਾਵਾ ਵੀ ਹੋਰ 61 ਅਤੇ 125 ਸਰੂਪ ਭਾਵ ਹੋਰ 186 ਸਰੂਪ ਅਣਅਧਿਕਾਰਤ ਤੌਰ ਉਤੇ ਤਿਆਰ ਕਰਵਾ ਕੇ ਲੋਕਾਂ ਨੂੰ ਸੌਂਪੇ ਗਏ ਸਨ। ਇਹ ਵੀ ਸਾਹਮਣੇ ਆਇਆ ਸੀ ਕਿ 20167 ਤੋਂ ਹੀ ਇਸ ਵਿਭਾਗ ਦਾ ਆਡਿਟ ਵੀ ਨਹੀਂ ਕਰਵਾਇਆ ਗਿਆ ਜੋ ਕਿ ਬਹੁਤ ਵੱਡੀ ਅਣਗਹਿਲੀ ਅਤੇ ਬੇਈਮਾਨੀ ਸੀ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਇਸ ਅਵੱਗਿਆ ਸੰਬੰਧੀ ਸ਼੍ਰੋਮਣੀ ਕਮੇਟੀ ਦੀ ਉਸ ਵੇਲੇ ਦੀ ਅੰਤਿ੍ਰੰਗ ਕਮੇਟੀ ਅਤੇ ਉਸ ਵੇਲੇ ਦੇ ਚੀਫ਼ ਸਕੱਤਰ ਨੇ ਕੋਈ ਪਸ਼ਚਾਤਾਪ ਨਹੀਂ ਕੀਤਾ ਸੀ। ਸਿੰਘ ਸਾਹਿਬਾਨ ਨੇ ਸ਼੍ਰੋਮਣੀ ਕਮੇਟੀ ਨੂੰ ਹੁਕਮ ਦਿੱਤਾ ਸੀ ਕਿ ਇਕ ਹਫ਼ਤੇ ਦੇ ਅੰਦਰ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਬੁਲਾ ਕੇ ਰਿਪੋਰਟ ਵਿੱਚ ਮੁਲਜ਼ਮ ਪਾਏ ਗਏ ਅਧਿਕਾਰੀਆਂ ਤੇ ਕਰਮਚਾਰੀਆਂ ਉਤੇ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਸਨ। ਜਾਂਚ ਤੋਂ ਬਾਅਦ ਐਸਜੀਪੀਸੀ ਨੇ ਗੁਰਬਚਨ ਸਿੰਘ, ਦਲਬੀਰ ਸਿੰਘ ਤੇ ਬਾਜ ਸਿੰਘ ਨੂੰ ਬਰਖ਼ਾਸਤ ਕਰ ਦਿੱਤਾ ਸੀ। ਇਸ ਤੋਂ ਬਾਅਦ ਇਹ ਮਾਮਲਾ ਹਾਈ ਕੋਰਟ ਵਿੱਚ ਚਲਾ ਗਿਆ ਸੀ। ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾਦਾਰ ਨਹੀਂ ਲੈ ਕੇ ਜਾ ਸਕਣਗੇ ਹੁਣ ਮੋਬਾਈਲ, ਵਾਕੀ-ਟਾਕੀ ਦੀ ਕਰਨਗੇ ਵਰਤੋਂ