ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਪਠਾਣ ਮਾਜਰਾ ਦੇ ਖ਼ਿਲਾਫ਼ ਉਸ ਦੀ ਦੂਜੀ ਪਤਨੀ ਗੁਰਪ੍ਰੀਤ ਕੌਰ ਵੱਲੋ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਦੇ ਸਬੰਧ ਵਿੱਚ ਹਾਈਕੋਰਟ ਨੇ ਵਿਧਾਇਕ ਪਠਾਣ ਮਾਜਰਾ, ਉਨ੍ਹਾਂ ਦੇ ਭਤੀਜੇ, ਸੁਰੱਖਿਆ ਗਾਰਡ ਸਣੇ ਮੁਹਾਲੀ ਦੇ ਐਸਐਸਪੀ, ਜ਼ੀਰਕਪੁਰ ਦੇ ਐਸਐਚਓ ਅਤੇ ਪੰਜਾਬ ਦੇ ਡੀਜੀਪੀ ਨੂੰ ਨੋਟਿਸ ਜਾਰੀ ਕੀਤਾ ਹੈ। ਪਟੀਸ਼ਨਕਰਤਾ ਵੱਲੋਂ ਇਲਜ਼ਾਮ ਲਗਾਏ ਗਏ ਸਨ ਕਿ ਪਠਾਣਮਾਜਰਾ ਵੱਲੋਂ ਉਸ ਨੂੰ ਮਾਰਨ ਦੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਦੱਸ ਦਈਏ ਕਿ ਆਪ ਵਿਧਾਇਕ ਪਠਾਣ ਮਾਜਰਾ ਉਤੇ ਝੂਠ ਬੋਲ ਕੇ ਵਿਆਹ ਕਰਨ ਦੇ ਇਲਜ਼ਾਮ ਲਗਾਏ ਹਨ। ਪਟੀਸ਼ਨਕਰਤਾ ਦੀ ਮੰਗ ਹੈ ਕਿ ਪਠਾਣ ਮਾਜਰਾ ਦੇ ਖਿਲਾਫ ਸ਼ਿਕਾਇਤ ਮਾਮਲਾ ਦਰਜ ਕੀਤਾ ਜਾਵੇ। ਪਟੀਸ਼ਨ ਕਰਤਾ ਦਾ ਇਲਜ਼ਾਮ ਇਹ ਵੀ ਹੈ ਕਿ ਉਸਦੇ ਨਾਲ ਸਰੀਰਕ ਅਤੇ ਮਾਨਸਿਕ ਸੋਸ਼ਣ ਕੀਤਾ ਗਿਆ ਹੈ। ਦਰਅਸਲ ਵਿਧਾਇਕ ਪਠਾਨਮਾਜਰਾ ਦਾ ਇੱਕ ਕਥਿਤ ਇਤਰਾਜ਼ਯੋਗ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਸੀ। ਜਿਸ ਉੱਤੇ ਵਿਧਾਇਕ ਪਠਾਣ ਮਾਜਰਾ ਦਾ ਕਹਿਣਾ ਸੀ ਕਿ ਇਹ ਵੀਡੀਓ ਉਸ ਦੀ ਦੂਜੀ ਪਤਨੀ ਨੇ ਬਣਾਈ ਸੀ ਅਤੇ ਉਸ ਨੇ ਇਹ ਵੀਡੀਓ ਵਾਇਰਲ ਕੀਤੀ ਸੀ। ਵਿਧਾਇਕ ਅਨੁਸਾਰ ਉਸ ਨੇ ਇੱਕ ਸਾਲ ਪਹਿਲਾਂ ਦੂਜਾ ਵਿਆਹ ਕੀਤਾ ਸੀ।