ਵੀਆਈਪੀ ਸੁਰੱਖਿਆ ਵਾਪਸ ਲੈਣ ਦੇ ਮਾਮਲੇ 'ਤੇ ਹਾਈਕੋਰਟ ਦੀ ਸਰਕਾਰ ਨੂੰ ਫਟਕਾਰ
ਚੰਡੀਗੜ੍ਹ, 23 ਅਗਸਤ: ਪੰਜਾਬ ਸਰਕਾਰ ਵੱਲੋਂ ਵੀਆਈਪੀ ਸੁਰੱਖਿਆ ਵਾਪਸ ਲਏ ਦੇ ਮਾਮਲੇ ਨੂੰ ਲੈ ਕੇ ਹਾਈ ਕੋਰਟ ਵਿੱਚ ਅੱਜ ਸੁਣਵਾਈ ਹੋਈ। ਅਦਾਲਤ ਨੇ ਵਕੀਲਾਂ ਦੀਆਂ ਦਲੀਲਾਂ ਸੁਣਨ ਮਗਰੋਂ ਪੰਜਾਬ ਸਰਕਾਰ ਨੂੰ ਵੀਆਈਪੀ ਸੁਰੱਖਿਆ ਵਾਪਸ ਲਏ ਜਾਣ ਦੇ ਮਾਮਲੇ ਵਿੱਚ ਨਵੇਂ ਤਰੀਕੇ ਤੇ ਨਵੇਂ ਸਿਰੇ ਤੋਂ ਸਮੀਖਿਆ ਕਰਨ ਦੇ ਹੁਕਮ ਦਿੱਤੇ। ਹਾਈ ਕੋਰਟ ਨੇ ਹੁਕਮ ਦਿੱਤਾ ਕਿ ਜਿਨ੍ਹਾਂ ਵੀਆਈਪੀਜ਼ ਦੀ ਸੁਰੱਖਿਆ ਘਟਾਈ ਜਾਂ ਵਧਾਈ ਗਈ ਹੈ ਉਸ ਦੀ ਨਵੇਂ ਤਰੀਕੇ ਨਾਲ ਸਮੀਖਿਆ ਕੀਤੀ ਜਾਵੇ। ਅਦਾਲਤ ਦਾ ਕਹਿਣਾ ਕਿ ਸਮੀਖਿਆ ਕਰਦੇ ਸਮੇਂ ਇਸ ਵਿੱਚ ਰਾਜ ਅਤੇ ਕੇਂਦਰੀ ਏਜੰਸੀ ਦਾ ਇਨਪੁੱਟ ਵੀ ਲਿਆ ਜਾਣਾ ਚਾਹੀਦਾ ਹੈ। ਕੋਰਟ ਨੇ ਅੱਗੇ ਕਿਹਾ ਕਿ ਇਸ ਦੇ ਨਾਲ ਹੀ ਸਮੀਖਿਆ ਕਰਦੇ ਸਮੇਂ ਇਹ ਵੀ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਕਿ ਜਿਸ ਵਿਅਕਤੀ ਨੂੰ ਸੁਰੱਖਿਆ ਦਿੱਤੀ ਜਾਣੀ ਹੈ, ਉਸ ਦਾ ਪੱਖ ਵੀ ਲਿਆ ਜਾਵੇ। ਹਾਈਕੋਰਟ ਨੇ ਅੱਗੇ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਸੁਰੱਖਿਆ ਸਮੀਖਿਆ ਪੂਰੀ ਹੋਣ ਤੱਕ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖੀ ਜਾਵੇ। ਅਦਾਲਤ ਨੇ ਆਦੇਸ਼ ਦਿੱਤਾ ਕਿ ਜਿਨ੍ਹਾਂ ਨੂੰ ਸੁਰੱਖਿਆ ਨਹੀਂ ਦਿੱਤੀ ਗਈ, ਉਨ੍ਹਾਂ ਨੂੰ ਇੱਕ-ਇੱਕ ਸੁਰੱਖਿਆ ਕਰਮਚਾਰੀ ਦਿੱਤਾ ਜਾਵੇ। ਅਦਾਲਤ ਨੇ ਇਹ ਵੀ ਦੱਸਿਆ ਕਿ ਸੁਰੱਖਿਆ ਵਾਪਸ ਲੈਣ ਦੇ ਕਾਗ਼ਜ਼ਾਤ ਵੱਖ-ਵੱਖ ਕਾਰਨਾਂ ਕਰ ਕੇ ਕਈ ਵਾਰ ਜਨਤਕ ਕੀਤੇ ਗਏ ਸਨ, ਜਿਸ ਕਾਰਨ ਜਿਨ੍ਹਾਂ ਨੂੰ ਸੁਰੱਖਿਆ ਦਿੱਤੀ ਗਈ ਸੀ, ਉਹ ਹੋਰ ਖ਼ਤਰੇ ਵਿਚ ਆ ਗਏ ਸਨ। ਅਦਾਲਤ ਨੇ ਇਸ ਬਾਰੇ ਕਿਹਾ ਹੈ ਕਿ ਭਵਿੱਖ ਵਿੱਚ ਇਸ ਦਾ ਧਿਆਨ ਰੱਖਿਆ ਜਾਵੇ। ਇਹ ਵੀ ਪੜ੍ਹੋ: ਆਈ.ਈ.ਡੀ ਬੰਬ ਪਲਾਂਟ ਮਾਮਲੇ 'ਚ ਪੰਜਵੀਂ ਗ੍ਰਿਫ਼ਤਾਰੀ, ਇਨ੍ਹਾਂ ਦਹਿਸ਼ਤਗਰਦਾਂ ਦੀ ਸ਼ਮੂਲੀਅਤ ਆਈ ਸਾਹਮਣੇ: ਸੂਤਰ -PTC News