ਚੰਡੀਗੜ੍ਹ : ਅੱਤ ਦੀ ਪੈ ਰਹੀ ਗਰਮੀ ਵਿੱਚ ਪ੍ਰੀ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ। ਆਨੰਦਪੁਰ ਸਾਹਿਬ ਵਿੱਚ ਅੱਜ ਸਵੇਰੇ ਭਾਰੀ ਮੀਂਹ ਪਿਆ। ਇਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਇਸ ਦੇ ਨਾਲ ਹੀ ਝੋਨੇ ਲਗਾ ਰਹੇ ਕਿਸਾਨਾਂ ਨੂੰ ਵੀ ਵੱਡੀ ਰਾਹਤ ਮਿਲੀ। ਇਸ ਤੋਂ ਇਲਾਵਾ ਇਹ ਮੀਂਹ ਹੋਰ ਫ਼ਸਲਾਂ ਲਈ ਵੀ ਕਾਫੀ ਲਾਹੇਵੰਦ ਸਾਬਿਤ ਹੋਵੇਗਾ। ਇਸ ਮੀਂਹ ਨੇ ਲੋਕਾਂ ਦੇ ਚਿਹਰਿਆਂ ਉਤੇ ਰੌਣਕਾਂ ਲਿਆ ਦਿੱਤੀਆਂ ਹਨ। ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ 30 ਜੂਨ ਤੋਂ 2 ਜੁਲਾਈ ਤੱਕ ਮੌਨਸੂਨ ਆਉਣ ਦੀ ਪੇਸ਼ੀਨਗੋਈ ਕੀਤੀ ਗਈ। ਇਸ ਦੇ ਨਾਲ ਹੀ ਮੌਸਮ ਵਿਭਾਗ ਵੱਲੋਂ ਪ੍ਰੀ ਮੌਨਸੂਨ ਆਉਣ ਦੀ ਵੀ ਸੰਭਾਵਨਾ ਪ੍ਰਗਟਾਈ ਗਈ ਸੀ। ਜ਼ਿਕਰਯੋਗ ਹੈ ਕਿ ਮੌਨਸੂਨ ਪੰਜਾਬ-ਚੰਡੀਗੜ੍ਹ ਅਤੇ ਹਰਿਆਣਾ ਦੇ ਬੂਹੇ 'ਤੇ ਪਹੁੰਚ ਗਿਆ ਹੈ। ਇਹ ਪਿਛਲੇ ਸਾਲ ਦੀ ਤਰ੍ਹਾਂ ਮੌਨਸੂਨ ਉੱਤਰ ਪ੍ਰਦੇਸ਼ ਦੇ ਰਸਤੇ ਪੰਚਕੂਲਾ-ਅੰਬਾਲਾ ਤਰਫੋਂ ਦਾਖਲ ਹੋਵੇਗਾ। ਅਗਲੇ 24 ਤੋਂ 36 ਘੰਟਿਆਂ ਦੌਰਾਨ ਚੰਡੀਗਡ਼੍ਹ ਸਮੇਤ ਪੰਜਾਬ ਤੇ ਹਰਿਆਣੇ ਦੇ ਵੱਖ-ਵੱਖ ਹਿੱਸਿਆਂ ’ਚ ਹਲਕੀ ਬਾਰਿਸ਼, ਗਰਜ-ਚਮਕ ਨਾਲ ਬੁਛਾਰਾਂ ਪੈਣ ਦੀ ਸੰਭਾਵਨਾ ਹੈ। 30 ਜੂਨ ਨੂੰ ਪੰਜਾਬ ਦੇ ਕਈ ਇਲਾਕਿਆਂ ਵਿੱਚ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ ਜਦਕਿ ਪਹਿਲੀ ਜੁਲਾਈ ਨੂੰ ਪੰਜਾਬ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਭਾਰੀ ਬਾਰਿਸ਼ ਨੂੰ ਲੈ ਕੇ ਕਿਸਾਨਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਦੇ ਚੰਡੀਗੜ੍ਹ ਸੈਂਟਰ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਮੁਤਾਬਕ 30 ਜੂਨ ਦੀ ਸਵੇਰ ਤੋਂ 1 ਜੁਲਾਈ ਦਰਮਿਆਨ ਕਦੇ ਵੀ ਮੌਨਸੂਨ ਸਮੇਂ ਆ ਸਕਦਾ ਹੈ। ਇਸ ਦੌਰਾਨ ਕੁਝ ਥਾਵਾਂ ਉਤੇ ਭਾਰੀ ਮੀਂਹ ਪੈ ਸਕਦਾ ਹੈ। ਦੂਜੇ ਪਾਸੇ 30 ਜੂਨ ਦੀ ਰਾਤ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਮੌਨਸੂਨ ਦਸਤਕ ਦੇਣ ਜਾ ਰਿਹਾ ਹੈ। 1 ਜੁਲਾਈ ਨੂੰ ਭਾਰੀ ਮੀਂਹ ਦਾ ਅਲਰਟ ਹੈ। ਇਸ ਤੋਂ ਪਹਿਲਾਂ 29 ਜੂਨ ਨੂੰ ਮੌਨਸੂਨ ਤੋਂ ਪਹਿਲਾਂ ਦੀ ਬਾਰਿਸ਼ ਹੋ ਸਕਦੀ ਹੈ। ਆਮ ਤੌਰ 'ਤੇ ਹੁਣ ਤੱਕ ਕਸ਼ਮੀਰ ਪਹੁੰਚਣ ਵਾਲਾ ਮੌਨਸੂਨ 12 ਦਿਨਾਂ ਤੋਂ ਯੂਪੀ-ਬਿਹਾਰ ਸਰਹੱਦ 'ਤੇ ਅਟਕਿਆ ਹੋਇਆ ਹੈ। 17 ਜੂਨ ਨੂੰ ਮਊ ਜ਼ਿਲ੍ਹੇ ਦੇ ਨੇੜੇ ਪਹੁੰਚ ਗਿਆ ਸੀ ਪਰ ਪਾਕਿਸਤਾਨ ਤੋਂ ਰਾਜਸਥਾਨ ਰਾਹੀਂ ਆ ਰਹੀਆਂ ਗਰਮ ਹਵਾਵਾਂ ਕਾਰਨ ਅੱਗੇ ਨਹੀਂ ਵਧ ਸਕਿਆ। ਅਜਿਹਾ ਇਸ ਤੋਂ ਪਹਿਲਾਂ ਕਰਨਾਟਕ ਵਿੱਚ ਵੀ ਹੋ ਚੁੱਕਾ ਹੈ, ਜਿੱਥੇ ਮਾਨਸੂਨ 10 ਦਿਨਾਂ ਤੱਕ ਅਟਕਾ ਰਿਹਾ ਸੀ। ਮੌਸਮ ਵਿਗਿਆਨੀਆਂ ਮੁਤਾਬਕ ਬੰਗਾਲ ਦੀ ਖਾੜੀ 'ਚ ਹਵਾ ਦਾ ਦਬਾਅ ਘੱਟ ਹੈ। ਇਸ ਕਾਰਨ ਮੌਨਸੂਨ ਨੂੰ ਅੱਗੇ ਧੱਕਣ ਵਾਲੀਆਂ ਹਵਾਵਾਂ ਨਹੀਂ ਵਗ ਰਹੀਆਂ ਹਨ। ਹੁਣ ਪੱਛਮੀ ਹਵਾਵਾਂ ਕਮਜ਼ੋਰ ਹੋਣ ਲੱਗ ਪਈਆਂ ਹਨ, ਬੰਗਾਲ ਦੀ ਖਾੜੀ ਤੋਂ ਹਵਾਵਾਂ ਉੱਤਰ-ਪੱਛਮ ਵੱਲ ਵਗਣ ਲੱਗੀਆਂ ਹਨ। ਮੌਨਸੂਨ 2 ਦਿਨਾਂ ਵਿੱਚ ਅੱਗੇ ਵਧਣਾ ਸ਼ੁਰੂ ਕਰ ਸਕਦਾ ਹੈ। ਇਹ ਵੀ ਪੜ੍ਹੋ : ਕੋਲੇ ਦੀ ਦਰਾਮਦ ਲਾਜ਼ਮੀ, ਪਾਵਰਕਾਮ 'ਤੇ ਪਵੇਗਾ 900 ਕਰੋੜ ਦਾ ਬੋਝ