ਨਵੀਂ ਦਿੱਲੀ: ਦਿੱਲੀ 'ਚ ਮੀਂਹ ਲਗਾਤਾਰ ਪੈ ਰਿਹਾ ਹੈ। ਮੀਂਹ ਪੈਣ ਕਾਰਨ ਕਈ ਪੁਰਾਣੇ ਮਕਾਨ ਡਿੱਗ ਰਹੇ ਹਨ। ਪੁਰਾਣੀ ਦਿੱਲੀ ਦੇ ਲਾਹੌਰੀ ਗੇਟ ਦੇ ਫਰਾਸਖਾਨਾ ਇਲਾਕੇ ਵਿੱਚ ਇੱਕ ਪੁਰਾਣਾ ਦੋ ਮੰਜ਼ਿਲਾ ਮਕਾਨ ਬੀਤੀ ਰਾਤ ਕਈ ਘੰਟਿਆਂ ਦੀ ਬਾਰਿਸ਼ ਤੋਂ ਬਾਅਦ ਢਹਿ ਗਿਆ। ਇਸ ਹਾਦਸੇ 'ਚ ਇਕ ਬੱਚੀ ਦੀ ਮੌਤ ਹੋ ਗਈ, ਜਦਕਿ 11 ਲੋਕਾਂ ਨੂੰ ਮਲਬੇ 'ਚੋਂ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਹੈ। ਸਿਹਤ ਟੀਮ ਤੜਕੇ ਬਾਹਰ ਕੱਢੇ ਗਏ ਲੋਕਾਂ ਦੀ ਸਿਹਤ ਦੀ ਜਾਂਚ ਕਰੇਗੀ। ਰਾਹਤ ਅਤੇ ਬਚਾਅ ਕੰਮ ਅਜੇ ਵੀ ਜਾਰੀ ਹੈ।
ਹਾਦਸੇ ਦੀ ਸੂਚਨਾ ਮਿਲਦੇ ਹੀ ਕਮਲਾ ਮਾਰਕੀਟ, ਹੌਜ਼ ਕਾਜ਼ੀ ਥਾਣਾ, ਫਾਇਰ ਬ੍ਰਿਗੇਡ ਅਤੇ ਐਨਡੀਆਰਐਫ ਦੀ ਟੀਮ ਮੌਕੇ 'ਤੇ ਪਹੁੰਚ ਗਈ ਪਰ ਉਦੋਂ ਤੱਕ ਸਥਾਨਕ ਲੋਕਾਂ ਨੇ ਪੰਜ ਦੇ ਕਰੀਬ ਲੋਕਾਂ ਨੂੰ ਮਲਬੇ ਹੇਠੋਂ ਕੱਢ ਕੇ ਲੋਕ ਨਾਇਕ ਹਸਪਤਾਲ ਪਹੁੰਚਾਇਆ ਸੀ। ਐਨਡੀਆਰਐਫ ਦੀਆਂ ਟੀਮਾਂ ਨੇ ਮਲਬੇ ਹੇਠ ਦੱਬੇ ਚਾਰ ਹੋਰ ਲੋਕਾਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਜਿੱਥੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਕ ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੋ ਤੋਂ ਤਿੰਨ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ।
ਸਥਾਨਕ ਲੋਕਾਂ ਮੁਤਾਬਕ ਹਾਦਸੇ ਦੇ ਸਮੇਂ ਇਮਾਰਤ ਦੀਆਂ ਵੱਖ-ਵੱਖ ਮੰਜ਼ਿਲਾਂ 'ਤੇ ਦਰਜਨ ਦੇ ਕਰੀਬ ਲੋਕ ਮੌਜੂਦ ਸਨ। ਜਾਂਚ 'ਚ ਸਾਹਮਣੇ ਆਇਆ ਕਿ ਮਕਾਨ ਦੀ ਛੱਤ ਲੀਕ ਹੋ ਰਹੀ ਸੀ, ਜਿਸ ਕਾਰਨ ਮਕਾਨ ਢਹਿ ਗਿਆ।
ਫਾਇਰ ਡਿਪਾਰਟਮੈਂਟ ਦੇ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਐਤਵਾਰ ਸ਼ਾਮ 7.28 ਵਜੇ ਫਰਾਸਖਾਨਾ ਦੇ ਵਾਲਮੀਕਿ ਮੰਦਰ ਨੇੜੇ ਇਕ ਦੋ ਮੰਜ਼ਿਲਾ ਮਕਾਨ ਡਿੱਗਣ ਅਤੇ ਕੁਝ ਲੋਕ ਮਲਬੇ ਹੇਠਾਂ ਦੱਬੇ ਜਾਣ ਦੀ ਸੂਚਨਾ ਮਿਲੀ। ਬਚਾਅ ਕਾਰਜਾਂ ਲਈ ਤੁਰੰਤ ਪੰਜ ਫਾਇਰ ਟੈਂਡਰ ਮੌਕੇ 'ਤੇ ਰਵਾਨਾ ਕੀਤੇ ਗਏ। ਬਾਅਦ ਵਿੱਚ ਤਿੰਨ ਹੋਰ ਵਾਹਨਾਂ ਨੂੰ ਮੌਕੇ ’ਤੇ ਭੇਜਿਆ ਗਿਆ। ਪੁਲਿਸ ਦੀ ਮਦਦ ਨਾਲ ਪਹਿਲਾਂ ਪੰਜ ਅਤੇ ਫਿਰ ਚਾਰ ਲੋਕਾਂ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਇਨ੍ਹਾਂ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ
ਮ੍ਰਿਤਕ ਬੱਚੀ ਦੀ ਪਛਾਣ ਚਾਰ ਸਾਲਾ ਖੁਸ਼ੀ ਵਜੋਂ ਹੋਈ ਹੈ। ਜਦਕਿ ਜ਼ਖਮੀਆਂ ਦੀ ਪਛਾਣ ਅਮਰਾ (45), ਨੀਲੋਫਰ (50), ਮੁਹੰਮਦ ਇਮਰਾਨ (40), ਸਰਕਾਰ ਬੇਗਮ (60), ਸੁਖਵੀਰ (34), ਅੰਕਿਤ (28), ਅਸ਼ੋਕ (40) ਅਤੇ ਜੀਸ਼ਾਨ (30) ਵਜੋਂ ਹੋਈ ਹੈ। NDRF ਦੀ ਟੀਮ ਸੁੰਘਣ ਵਾਲੇ ਕੁੱਤਿਆਂ ਦੀ ਮਦਦ ਨਾਲ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਮੌਕੇ 'ਤੇ ਰਾਹਤ ਕਾਰਜ ਜਾਰੀ ਸਨ।
ਇਹ ਵੀ ਪੜ੍ਹੋ:ਮੁਹਾਲੀ ਸਿਟੀ ਸੈਂਟਰ-2 'ਚ ਬੇਸਮੈਂਟ ਦੀ ਖੁਦਾਈ ਦੌਰਾਨ ਹਾਦਸਾ, ਦੋ ਵਿਅਕਤੀਆਂ ਦੀ ਮੌਤ
-PTC News