ਪੰਜਾਬ ਦੇ ਨਿੱਜੀ ਸਕੂਲ 'ਚ ਲੁਹਾਏ ਗਏ ਸਿੱਖ ਵਿਦਿਆਰਥੀਆਂ ਦੇ ਕੜੇ, ਪੁਲਿਸ ਦੀ ਦਖ਼ਲਅੰਦਾਜ਼ੀ ਮਗਰੋਂ ਸੁਲਝਿਆ ਮਸਲਾ

By  Jasmeet Singh September 30th 2022 05:05 PM

ਹੁਸ਼ਿਆਰਪੁਰ, 30 ਸਤੰਬਰ: ਹੁਸ਼ਿਆਰਪੁਰ ਦੇ ਮਾਊਂਟ ਕਾਰਮਲ ਸਕੂਲ 'ਚ ਬੀਤੇ ਦਿਨ ਵਿਦਿਆਰਥੀਆਂ ਦੀ ਪ੍ਰੀਖਿਆ ਦੌਰਾਨ ਸਕੂਲ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਦੇ ਹੱਥਾਂ 'ਚ ਪਾਏ ਹੋਏ ਕੜੇ ਲੁਹਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਵੇਂ ਹੀ ਇਸ ਗੱਲ ਦੀ ਭਿਣਕ ਸਿੱਖ ਜਥੇਬੰਦੀਆਂ ਨੂੰ ਪਈ ਤਾਂ ਉਹ ਅੱਜ ਸਵੇਰੇ ਵੱਡੀ ਗਿਣਤੀ 'ਚ ਇਕੱਤਰ ਹੋ ਕੇ ਸਕੂਲ ਪਹੁੰਚ ਗਈਆਂ। ਇਸ ਵਿਸ਼ੇ 'ਤੇ ਸਕੂਲ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹਾਲਾਂਕਿ ਇਸ ਦੌਰਾਨ ਹੁਸ਼ਿਆਰਪੁਰ ਪੁਲਿਸ ਪ੍ਰਸ਼ਾਸਨ ਵੱਲੋਂ ਗੰਭੀਰਤਾ ਨੂੰ ਸਮਝਦਿਆਂ ਹੋਇਆਂ ਪੁਲਿਸ ਦੇ ਆਲਾ ਅਧਿਕਾਰੀ ਵੀ ਮੌਕੇ 'ਤੇ ਪੁਲਿਸ ਫੋਰਸ ਸਮੇਤ ਮੌਕੇ 'ਤੇ ਮੌਜੂਦ ਸਨ। ਸਕੂਲ ਪ੍ਰਬੰਧਕਾਂ ਅਤੇ ਸਿੱਖ ਸੰਸਥਾਵਾਂ ਦੇ ਵਿੱਚ ਮੀਟਿੰਗ ਕਰਵਾਈ ਗਈ, ਕਾਫ਼ੀ ਸਮੇਂ ਤੱਕ ਚੱਲੀ ਇਸ ਮੀਟਿੰਗ ਤੋਂ ਬਾਅਦ ਸ਼ਕੀਲ ਪ੍ਰਬੰਧਕਾਂ ਨੇ ਸਿੱਖ ਜਥੇਬੰਦੀਆਂ ਤੋਂ ਲਿਖਤੀ ਤੌਰ 'ਤੇ ਮੁਆਫ਼ੀ ਮੰਗੀ ਤੇ ਕਿਹਾ ਕਿ ਉਨ੍ਹਾਂ ਦਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਵੀ ਮਕਸਦ ਨਹੀਂ ਸੀ। ਉਨ੍ਹਾਂ ਕਿਹਾ ਕਿ ਸਿਰਫ਼ ਸੁਰੱਖਿਆ ਦੇ ਲਿਹਾਜ਼ ਨਾਲ ਹੀ ਉਨ੍ਹਾਂ ਵੱਲੋਂ ਵਿਦਿਆਰਥੀਆਂ ਦੇ ਕੜੇ ਲੂਹਾ ਲਏ ਗਏ ਸਨ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਪ੍ਰੀਖਿਆ ਦੇ ਆਖ਼ਰੀ ਦਿਨ ਵਿਦਿਆਰਥੀ ਆਪਸ 'ਚ ਲੜ ਪੈਂਦੇ ਨੇ ਤੇ ਜਿਸ ਕਾਰਨ ਸੱਟ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ ਅਤੇ ਇਸੇ ਨੂੰ ਹੀ ਮੁੱਖ ਰੱਖਦਿਆਂ ਉਨ੍ਹਾਂ ਵੱਲੋਂ ਇਹ ਕਦਮ ਚੁੱਕਿਆ ਗਿਆ ਸੀ। ਉਨ੍ਹਾਂ ਕਿਹਾ ਕਿ ਸਕੂਲ ਦਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਵੀ ਮਕਸਦ ਨਹੀਂ ਸੀ, ਉਨ੍ਹਾਂ ਕਿਹਾ ਕਿ ਜੇਕਰ ਸਿੱਖ ਕੌਮ ਨੂੰ ਸਕੂਲ ਦੇ ਇਸ ਵਰਤਾਰੇ ਨਾਲ ਠੇਸ ਪੁੱਜੀ ਹੈ ਤਾਂ ਇਸ ਲਈ ਉਹ ਮੁਆਫ਼ੀ ਮੰਗਦੇ ਨੇ ਤੇ ਭਵਿੱਖ 'ਚ ਕਦੇ ਵੀ ਸਕੂਲ ਪ੍ਰਬੰਧਕਾਂ ਵੱਲੋਂ ਦੁਬਾਰਾ ਅਜਿਹੀ ਗ਼ਲਤੀ ਨਹੀਂ ਕੀਤੀ ਜਾਵੇਗੀ। ਇਹ ਵੀ ਪੜ੍ਹੋ: ਮੰਦਰ ਦੇ ਦਾਨ ਬਾਕਸ 'ਚੋਂ ਮਿਲਿਆ ਪਾਕਿਸਤਾਨੀ ਨੋਟ, ਧਮਕੀ ਲਿਖ ਕੇ ਮੰਗੀ ਫਿਰੌਤੀ ਦੂਜੇ ਪਾਸੇ ਮੌਕੇ ਤੇ ਪਹੁੰਚੇ ਸਿੱਖ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਸਕੂਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਤੋਂ ਲਿਖਤੀ ਤੌਰ 'ਤੇ ਮੁਆਫ਼ੀ ਮੰਗ ਲਈ ਗਈ ਹੈ ਜਿਸ ਕਾਰਨ ਇਹ ਗੱਲ ਇੱਥੇ ਹੀ ਖ਼ਤਮ ਕਰ ਦਿੱਤੀ ਗਈ ਹੈ ਤੇ ਸਕੂਲ ਵੱਲੋਂ ਯਕੀਨੀ ਬਣਾਇਆ ਗਿਆ ਹੈ ਕਿ ਭਵਿੱਖ 'ਚ ਉਨ੍ਹਾਂ ਵੱਲੋਂ ਦੁਬਾਰਾ ਕਦੇ ਵੀ ਅਜਿਹੀ ਗ਼ਲਤੀ ਨਹੀਂ ਦੁਹਰਾਈ ਜਾਵੇਗੀ। -PTC News

Related Post