ਖ਼ੁਦ ਨੂੰ IAS ਅਧਿਕਾਰੀ ਦੱਸ ਗੰਨਮੈਨ ਦੀ ਕੀਤੀ ਮੰਗ, ਪੁਲਿਸ ਨੇ ਜਾਂਚ ਤੋਂ ਬਾਅਦ ਲਿਆ ਹਿਰਾਸਤ 'ਚ

By  Pardeep Singh May 15th 2022 07:53 AM

ਲੁਧਿਆਣਾ: ਲੋਕਾਂ ਉੱਤੇ ਰੋਹਬ ਮਾਰਨ ਅਤੇ ਧੋਖਾਧੜੀ ਕਰਨ ਦੇ ਮਕਸਦ ਨਾਲ 22 ਵਰ੍ਹਿਆਂ ਦੇ ਇੱਕ ਨੌਜਵਾਨ ਨੇ ਖ਼ੁਦ ਨੂੰ ਆਈਏਐਸ ਅਧਿਕਾਰੀ ਦੱਸ ਕੇ ਥਾਣਾ ਦੁੱਗਰੀ ਦੀ ਪੁਲਿਸ ਕੋਲੋਂ ਗੰਨਮੈਨਾਂ ਦੀ ਮੰਗ ਕੀਤੀ। ਤਫਤੀਸ਼ ਤੋਂ ਬਾਅਦ ਪੁਲਿਸ ਨੇ ਪਾਇਆ ਕਿ ਨੌਜਵਾਨ ਸਰਾਸਰ ਝੂਠ ਬੋਲ ਰਿਹਾ ਹੈ। ਇਸ ਮਾਮਲੇ ਵਿਚ ਥਾਣਾ ਦੁੱਗਰੀ ਦੀ ਪੁਲਿਸ ਨੇ ਦੁੱਗਰੀ ਫੇਸ 1 ਨਹਿਰੀ ਕਲੋਨੀ ਦੇ ਰਹਿਣ ਵਾਲੇ ਮਿਥੁਨ ਕੈਂਥ ਦੇ ਖ਼ਿਲਾਫ਼ ਧੋਖਾਧੜੀ ਅਤੇ ਹੋਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਦੁੱਗਰੀ ਦੇ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਲੇਬਰ ਚੌਕ ਵਿੱਚ ਮੌਜੂਦ ਸੀ ਇਸੇ ਦੌਰਾਨ ਨੌਜਵਾਨ ਆਪਣੇ ਐਕਟਿਵਾ ਸਕੂਟਰ ਤੇ ਸਵਾਰ ਹੋ ਕੇ ਆਇਆ ਅਤੇ ਕਹਿਣ ਲੱਗਾ ਕਿ ਉਹ  ਸੀਐਸਈ 4 (2019-2020) ਦਾ ਆਈਏਐਸ ਅਧਿਕਾਰੀ ਹੈ। ਉਸ ਨੇ ਆਖਿਆ ਕਿ ਗੁਰੂ ਨਾਨਕ ਸਟੇਡੀਅਮ ਵਿੱਚ ਚੱਲ ਰਹੇ ਕਰਾਟੇ ਕੰਪੀਟੀਸ਼ਨ ਦੇ ਦੌਰਾਨ ਉਸ ਨੂੰ ਮੁੱਖ ਮਹਿਮਾਨ ਦੇ ਤੌਰ 'ਤੇ ਸੱਦਾ ਪੱਤਰ ਦਿੱਤਾ ਗਿਆ ਹੈ, ਜਿਸ ਕਰਕੇ ਉਸ ਨੂੰ ਪੁਲਿਸ ਕੋਲੋਂ ਗੰਨਮੈਨ ਚਾਹੀਦੇ ਹਨ। ਪੁਲਿਸ ਨੇ ਦੱਸਿਆ ਹੈ ਕਿ ਉਸ ਨੇ ਆਈ ਕਾਰਡ ਦੇ ਤੌਰ 'ਤੇ ਉਸ ਨੇ ਫਰਜ਼ੀ ਦਸਤਾਵੇਜ਼ ਦਿਖਾ ਦਿੱਤੇ। ਮੁਲਜ਼ਮ ਨੇ ਪੁਲਿਸ ਨੂੰ ਸਵਿਮਿੰਗ ਪੂਲ ਦੀ ਮੈਂਬਰਸ਼ਿਪ ਦਾ ਕਾਰਡ ਵੀ ਦਿਖਾਇਆ। ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੇ ਪਬਲਿਕ ਵਿੱਚ ਆਪਣੀ ਪਛਾਣ ਆਈਐੱਸ ਦੀ ਬਣਾ ਕੇ ਲੋਕਾਂ ਨਾਲ ਧੋਖਾਧੜੀ ਕਰਨੀ ਸੀ। ਜਾਂਚ ਤੋਂ ਬਾਅਦ ਸਾਫ ਹੋਇਆ ਕਿ ਮੁਲਜ਼ਮ ਸਰਾਸਰ ਝੂਠ ਬੋਲ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਵੀ ਪੜ੍ਹੋ:ਰਾਸ਼ਟਰਪਤੀ ਰਾਮ ਨਾਥ ਕੋਵਿੰਦ 15 ਤੋਂ 21 ਮਈ ਤੱਕ ਦੋ ਕੈਰੇਬੀਅਨ ਦੇਸ਼ਾਂ ਦਾ ਕਰਨਗੇ ਦੌਰਾ -PTC News

Related Post