ਹਰਸਿਮਰਤ ਕੌਰ ਬਾਦਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ : ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਬਾਦਲ ਪਰਿਵਾਰ ਵੱਲੋਂ ਜਾਰੀ ਸ੍ਰੀ ਆਖੰਡ ਪਾਠ ਸਾਹਿਬ ਦੀ ਲੜੀ ਤਹਿਤ ਪਾਠ ਦੇ ਭੋਗ ਤੇ ਨਵੇਂ ਪਾਠ ਦੀ ਆਰੰਭਤਾ ਮੌਕੇ ਹਾਜ਼ਰੀ ਭਰੀ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਸਿੱਖ ਪੰਥ ਨੂੰ ਕਮਜ਼ੋਰ ਕਰਨ ਦੀਆਂ ਸਾਜਿਸ਼ਾਂ ਉਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ। ਅੱਜ ਪੰਜਾਬ ਤੇ ਸਿੱਖ ਪੰਥ ਸਾਹਮਣੇ ਵੱਡੀਆਂ ਚੁਣੌਤੀਆਂ ਹਨ। ਸਰਕਾਰਾਂ ਪੰਥ ਨੂੰ ਖੇਰੂੰ-ਖੇਰੂੰ ਕਰਨ ਉਤੇ ਤੁਲੀਆਂ ਹੋਈਆਂ ਹਨ। ਪਹਿਲਾਂ ਕਾਂਗਰਸ ਪਾਰਟੀ ਨੇ ਦੇਸ਼ ਦੀ ਵੰਡ ਤੋਂ ਬਾਅਦ ਪੰਜਾਬ ਦੇ ਟੋਟੇ-ਟੋਟੇ ਕੀਤੇ ਤੇ 100 ਸਾਲ ਬਾਅਦ ਅੱਜ ਮੌਜੂਦਾ ਸਰਕਾਰ ਸਾਡੇ ਧਰਮ ਦੇ ਟੋਟੇ ਕਰ ਰਹੀ ਹੈ। ਪਾਰਲੀਮੈਂਟ ਨੂੰ ਬਾਈਪਾਸ ਕਰਕੇ ਅਨੇਕਾਂ ਕੁਰਬਾਨੀਆਂ ਤੋਂ ਬਾਅਦ ਹੋਂਦ ਵਿਚ ਆਈ ਸ਼੍ਰੋਮਣੀ ਕਮੇਟੀ ਨੂੰ ਵੰਡਿਆ ਜਾ ਰਿਹਾ। ਚੁਣੀ ਹੋਈ ਸੰਸਥਾ ਨੂੰ ਅਦਾਲਤਾਂ ਨੂੰ ਵੰਡਣ ਦਾ ਕੋਈ ਅਧਿਕਾਰ ਨਹੀਂ ਹੈ। ਇਹੋ ਹਾਲ ਰਿਹਾ ਤਾਂ ਇਕੱਲਾ-ਇਕੱਲਾ ਗੁਰਦੁਆਰਾ ਵੰਡਿਆ ਜਾਵੇਗਾ। ਪਾਰਲੀਮੈਂਟ ਦੇ ਐਕਟ ਨੂੰ ਪਾਸੇ ਕਰਕੇ ਅਦਾਲਤਾਂ ਰਾਹੀਂ ਨਵਾਂ ਕਾਨੂੰਨ ਬਣਾ ਦਿੱਤਾ ਗਿਆ। ਗੁਰੂ ਘਰਾਂ ਦੀ ਸੇਵਾ-ਸੰਭਾਲ ਆਪਣੇ ਹੱਥਾਂ ਵਿਚ ਲੈਣ ਦੇ ਯਤਨ ਕੀਤੇ ਜਾ ਰਹੇ ਹਨ। ਦਿੱਲੀ-ਹਰਿਆਣਾ ਤੋਂ ਬਾਅਦ ਹੁਣ ਪੰਜਾਬ ਦੇ ਇਕੱਲੇ ਇਕੱਲੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਕਬਜ਼ਾ ਕਰਨ ਦੇ ਯਤਨ ਹੋਣਗੇ। ਉਨ੍ਹਾਂ ਨੇ ਕਿਹਾ ਕਿ ਭਰਾ ਮਾਰੂ ਜੰਗ ਨਾਲ ਸਿੱਖ ਪੰਥ ਕਮਜ਼ੋਰ ਹੋਵੇਗਾ। ਇਹ ਵੀ ਪੜ੍ਹੋ : ਭਾਰਤ ਦੇ ਜਲ ਸ਼ਕਤੀ ਰਾਜ ਮੰਤਰੀ ਬਿਸਵੇਸ਼ਵਰ ਟੁਡੂ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ ਇਸ ਮੌਕੇ ਉਨ੍ਹਾਂ ਨੇ ਸਮੁੱਚੀ ਸਿੱਖ ਕੌਮ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ। ਸਾਡੀ ਸ਼ਕਤੀ ਨੂੰ ਕਮਜ਼ੋਰ ਕਰਨ ਲਈ ਪਹਿਲਾਂ ਕੈਪਟਨ ਅਮਰਿੰਦਰ ਨੇ ਹਰਿਆਣਾ ਦਾ ਪੱਖ ਪੂਰਿਆ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਹਰਿਆਣਾ ਦਾ ਸਾਥ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਕਮੇਟੀ ਅਲੱਗ ਹੋਣ ਤੋਂ ਬਾਅਦ ਪ੍ਰਧਾਨਗੀ ਨੂੰ ਲੈ ਕੇ ਦੋ ਧਿਰਾਂ 'ਚ ਵਿਵਾਦ ਹੋ ਰਿਹਾ ਹੈ। ਕਿਸਾਨ ਸੰਘਰਸ਼ ਵਿਚ ਸਾਥ ਦੇਣ ਕਰਨ ਸਿੱਖ ਕੌਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਿੱਖ ਪੰਥ ਵੱਲੋਂ ਕਿਸਾਨੀ ਸੰਘਰਸ਼ ਵਿਚ ਸਾਥ ਦੇਣ ਸਦਕਾ ਹੀ ਸਰਕਾਰਾਂ ਨੂੰ ਝੁਕਣਾ ਪਿਆ। -PTC News