ਹਰਭਜਨ ਸਿੰਘ ਨੇ ਕਿਸਾਨਾਂ ਦੀਆਂ ਧੀਆਂ ਲਈ ਲਿਆ ਵੱਡਾ ਫੈਸਲਾ
ਚੰਡੀਗੜ੍ਹ: ਆਮ ਆਦਮੀ ਪਾਰਟੀ ਤੋਂ ਰਾਜ ਸਭਾ ਮੈਂਬਰ ਬਣੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਰਾਜ ਸਭਾ ਤੋਂ ਮਿਲਣ ਵਾਲੀ ਤਨਖ਼ਾਹ ਨੂੰ ਕਿਸਾਨਾਂ ਦੀਆਂ ਧੀਆਂ ਦੀ ਸਿੱਖਿਆ ਤੇ ਭਲਾਈ ਲਈ ਖਰਚ ਕਰਨਗੇ। ਹਰਭਜਨ ਭੱਜੀ ਨੇ ਕਿਹਾ ਕਿ ਉਹ ਦੇਸ਼ ਦੀ ਬਿਹਤਰੀ ਲਈ ਜੋ ਵੀ ਕਰ ਸਕਦੇ ਹਨ ਉਹ ਜ਼ਰੂਰ ਕਰਨਗੇ। ਹਰਭਜਨ ਸਿੰਘ ਕੁਝ ਸਮਾਂ ਪਹਿਲਾਂ ਹੀ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਤੋਂ ਰਾਜ ਸਭਾ ਮੈਂਬਰ ਚੁਣੇ ਗਏ ਹਨ। ਆਮ ਆਦਮੀ ਪਾਰਟੀ ਵੱਲੋਂ ਹਰਭਜਨ ਸਿੰਘ ਨੂੰ ਪੰਜਾਬ ਤੋਂ ਸੰਸਦ ਮੈਂਬਰ ਬਣਾਉਣ ਲਈ ਉਸ ਵੇਲੇ ਕਾਫੀ ਹੰਗਾਮਾ ਹੋਇਆ ਸੀ। ਕਿਸਾਨ ਅੰਦੋਲਨ ਨੂੰ ਲੈ ਕੇ ਭੱਜੀ ਦੀ ਭੂਮਿਕਾ 'ਤੇ ਵੀ ਸਵਾਲ ਉੱਠ ਰਹੇ ਸਨ ਕਿ ਉਸ ਨੇ ਕਿਸਾਨਾਂ ਦਾ ਖੁੱਲ੍ਹ ਕੇ ਸਮਰਥਨ ਨਹੀਂ ਕੀਤਾ। ਭੱਜੀ ਫਿਲਹਾਲ IPL 2022 'ਚ ਕੁਮੈਂਟਰੀ ਕਰ ਰਹੇ ਹਨ। ਦੱਸਣਯੋਗ ਹੈ ਕਿ ਜਲੰਧਰ ਦੇ ਰਹਿਣ ਵਾਲੇ ਹਰਭਜਨ ਸਿੰਘ ਦੇ ਭਾਜਪਾ 'ਚ ਸ਼ਾਮਲ ਹੋਣ ਦੀ ਪਹਿਲਾਂ ਚਰਚਾ ਸੀ। ਪੰਜਾਬ ਚੋਣਾਂ ਵਿੱਚ ਵੀ ਉਨ੍ਹਾਂ ਨੂੰ ਸੀਐਮ ਚਿਹਰਾ ਬਣਾਉਣ ਦੀਆਂ ਤਿਆਰੀਆਂ ਕੀਤੀਆਂ ਗਈਆਂ ਸਨ। ਹਾਲਾਂਕਿ ਪੰਜਾਬ ਦੇ ਹਾਲਾਤ ਨੂੰ ਦੇਖਦੇ ਹੋਏ ਭਾਜਪਾ ਪਿੱਛੇ ਹਟ ਗਈ। ਇਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਤਤਕਾਲੀ ਪ੍ਰਧਾਨ ਨਵਜੋਤ ਸਿੱਧੂ ਨੇ ਭੱਜੀ ਨਾਲ ਮੁਲਾਕਾਤ ਕੀਤੀ। ਉਦੋਂ ਪੂਰੀ ਉਮੀਦ ਸੀ ਕਿ ਭੱਜੀ ਕਾਂਗਰਸ 'ਚ ਸ਼ਾਮਲ ਹੋਣਗੇ। ਹਾਲਾਂਕਿ ਉਹ ਚੋਣ ਨਹੀਂ ਲੜਨਾ ਚਾਹੁੰਦੇ ਸਨ। ਇਸ ਤੋਂ ਬਾਅਦ ਅਚਾਨਕ ਉਹ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਅਤੇ 'ਆਪ' ਨੇ ਉਨ੍ਹਾਂ ਨੂੰ ਪੰਜਾਬ ਤੋਂ ਰਾਜ ਸਭਾ ਭੇਜ ਦਿੱਤਾ। ਇਹ ਵੀ ਪੜ੍ਹੋ : ਪਹਿਲੀ ਜੁਲਾਈ ਤੋਂ ਮਿਲੇਗੀ 300 ਯੂਨਿਟ ਮੁਫ਼ਤ ਬਿਜਲੀ ਹਰਭਜਨ ਸਿੰਘ ਨੇ ਆਪਣਾ ਪਹਿਲਾ ਟੈਸਟ ਮੈਚ 1998 'ਚ ਆਸਟ੍ਰੇਲੀਆ ਖਿਲਾਫ ਖੇਡਿਆ ਸੀ। ਉਸਨੇ ਆਪਣਾ ਆਖਰੀ ਟੈਸਟ 2015 ਵਿੱਚ ਸ਼੍ਰੀਲੰਕਾ ਖਿਲਾਫ ਖੇਡਿਆ ਸੀ। ਇਸ ਦੇ ਨਾਲ ਹੀ ਭੱਜੀ ਨੇ ਆਪਣਾ ਪਹਿਲਾ ਵਨਡੇ ਮੈਚ 1998 'ਚ ਨਿਊਜ਼ੀਲੈਂਡ ਖਿਲਾਫ ਖੇਡਿਆ ਸੀ। ਉਨ੍ਹਾਂ ਦਾ ਆਖਰੀ ਵਨਡੇ ਮੈਚ 2015 'ਚ ਦੱਖਣੀ ਅਫਰੀਕਾ ਖਿਲਾਫ ਸੀ। ਗੌਰਤਲਬ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਸੱਤਾ ਵਿੱਚ ਆਉਣ ਲਈ ਇੱਕ ਮਹੀਨਾ ਪੂਰਾ ਹੋਣ ਉਤੇ ਵੱਡਾ ਐਲਾਨ ਕੀਤਾ ਹੈ। ਸੂਬਾ ਸਰਕਾਰ ਨੇ ਐਲਾਨ ਕੀਤਾ ਕਿ 1 ਜੁਲਾਈ ਤੋਂ ਹੁਣ ਹਰ ਘਰ ਵਿਚ 300 ਯੂਨਿਟ ਬਿਜਲੀ ਮਿਲੇਗੀ। -PTC News