ਨੌਵੇਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੀਵਨ
ਸਤਾਰਵੀਂ ਸਦੀ ਸਿੱਖ ਕੌਮ ਲਈ ਸੰਘਰਸ਼ ਦੇ ਨਾਲ ਇਕ ਨਿਵੇਕਲੇ ਦੌਰ ਦੇ ਆਗਾਜ਼ ਨੂੰ ਨਾਲ ਲੈ ਕੇ ਆਈ। ਗੁਰੂ ਨਾਨਕ ਦੇਵ ਜੀ ਦੇ (Sri Guru Nanak Dev Ji) ਪੰਥ ਨੂੰ ਮਾਨਵ ਕਲਿਆਣ ਦੇ ਕਾਰਜ ਕਰਦਿਆਂ 150 ਵਰ੍ਹਿਆਂ ਤੋਂ ਵਧੇਰੇ ਸਮਾਂ ਹੋ ਚੁੱਕਿਆ ਸੀ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ (Sri Guru Arjan Dev Ji) ਦੀ ਸ਼ਹਾਦਤ ਤੋਂ ਬਾਅਦ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਿਆਈ ਦੀ ਜਿੰਮੇਵਾਰੀ ਸੰਭਾਲਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਦੀ ਸਿਰਜਨਾ ਕੀਤੀ। ਗਵਾਲੀਅਰ ਦੇ ਕਿਲ੍ਹੇ ਤੋਂ 52 ਰਾਜਿਆਂ ਸਮੇਤ ਰਿਹਾਅ ਹੁੰਦਿਆਂ ਗੁਰੂ ਸਾਹਿਬ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਪਣੀ ਰਿਹਾਇਸ਼ 'ਗੁਰੂ ਕੇ ਮਹਿਲ' ਨਿਵਾਸ ਕੀਤਾ। ਇੱਥੇ ਹੀ ਅਪ੍ਰੈਲ 1621 ਈ ਨੂੰ ਮਾਤਾ ਨਾਨਕੀ ਜੀ ਦੀ ਕੁੱਖੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ (Sri Guru Tegh Bahadur Sahib Ji) ਦਾ ਪ੍ਰਕਾਸ਼ ਹੋਇਆ ਜਿੱਥੇ ਅੱਜਕਲ ਗੁ. ਗੁਰੂ ਕੇ ਮਹਿਲ ਸ਼ੋਭਨੀਕ ਹੈ। ਸਿੱਖੀ ਪ੍ਰਚਾਰ ਲਈ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਨਿਵਾਸ ਰੱਖਿਆ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੀ ਮਾਤਾ ਜੀ ,ਮਾਤਾ ਨਾਨਕੀ ਜੀ ਨਾਲ ਆਪਣੇ ਨਾਨਕੇ ਪਿੰਡ ਬਕਾਲੇ ਆ ਵਸੇ। ਇੱਥੇ ਹੀ ਉਨ੍ਹਾਂ ਦਾ ਵਿਆਹ ਭਾਈ ਲਾਲ ਚੰਦ ਜੀ ਦੀ ਸਪੁੱਤਰੀ ਬੀਬੀ ਗੁਜਰੀ ਜੀ ਨਾਲ ਹੋਇਆ। 1634 ਈ ਵਿਚ ਛੇਵੇਂ ਪਾਤਸ਼ਾਹ ਮਹਿਰਾਜ ਦੀ ਜੰਗ ਤੋਂ ਬਾਅਦ ਜਦ ਕਰਤਾਰਪੁਰ ਪਹੁੰਚੇ ਤਾਂ ਪੈਂਦੇ ਖਾਂ ਨੇ ਆਪਣੇ ਸਾਥੀ ਕਾਲੇ ਖਾਂ ਨੂੰ ਲੈ ਗੁਰੂ ਸਾਹਿਬ ਦੇ ਉੱਤੇ ਹੱਲਾ ਬੋਲ ਦਿੱਤਾ। ਉਸ ਵਕਤ ਕੇਵਲ 13 ਵਰ੍ਹਿਆਂ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੰਗ ਦੇ ਐਸੇ ਜੌਹਰ ਵਿਖਾਏ ਕਿ ਪਿਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ (Sri Guru Hargobind Sahib Ji) ਨੇ ਪੁੱਤਰ ਨੂੰ 'ਤੇਗ਼ ਬਹਾਦਰ' ਦੇ ਨਾਮ ਨਾਲ ਨਿਵਾਜਿਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਬਕਾਲਾ ਵਿਖੇ ਲੰਮਾ ਸਮਾਂ ਨਿਵਾਸ ਕਰਦਿਆਂ ਪ੍ਰਭੂ ਭਗਤੀ ਦੀ ਘਾਲਣਾ ਘਾਲੀ। ਅੱਠਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਵੇਲੇ ਗੁਰੂ ਬਚਨ 'ਬਾਬਾ ਬਕਾਲੇ' ਅਨੁਸਾਰ ਜਦ ਸੰਗਤ ਨੌਵੇਂ ਗੁਰੂ ਦੇ ਦਰਸ਼ਨਾਂ ਲਈ ਬਕਾਲੇ ਪਹੁੰਚਣ ਲੱਗੀ ਤਾਂ ਇੱਥੋਂ ਦੇ ਪਾਖੰਡੀਆਂ ਨੇ ਗੁਰੂ ਬਾਣੇ ਵਿਚ ਸੰਗਤ ਨੂੰ ਭਰਮਾਉਣਾ ਅਰੰਭ ਕਰ ਦਿੱਤਾ। ਭਾਈ ਮੱਖਣ ਸ਼ਾਹ ਲੁਭਾਣਾ ਜਦ ਆਪਣੀ ਦਸਵੰਧ ਦੀ ਭੇਂਟ ਲੈ ਕੇ ਬਕਾਲੇ ਪਹੁੰਚਿਆ ਤਾਂ ਉਸ ਨੇ ਬਕਾਲੇ ਸੰਗਤ ਦੇ ਗੁੰਮਰਾਹ ਹੋਣ ਦੀ ਹਕੀਕਤ ਵੇਖੀ ਤੇ ਫਿਰ ਇਸ ਵਿਚਾਰ ਨਾਲ ਕਿ ਸੱਚਾ ਗੁਰੂ ਆਪਣੀ ਦਸਵੰਧ ਆਪੇ ਹੀ ਮੰਗ ਲਵੇਗਾ, ਨਾਲ ਹਰ ਗੁਰੂ ਕਹਾਉਣ ਵਾਲੇ ਅੱਗੇ ਕੁਝ ਇਕ ਮੋਹਰਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਤੇ ਅਖੀਰ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਕੁਝ ਇਕ ਮੋਹਰਾਂ ਰੱਖੀਆਂ ਤਾਂ ਗੁਰੂ ਸਾਹਿਬ ਨੇ ਪੂਰੀ ਦਸਵੰਧ ਭੇਟ ਬਾਰੇ ਪੁੱਛਿਆ। ਏਨਾ ਸੁਣਦਿਆਂ ਹੀ ਭਾਈ ਮੱਖਣ ਸ਼ਾਹ ਲੁਭਾਣਾ ਨੇ ਗੁਰੂ ਸਾਹਿਬ ਅੱਗੇ ਸੀਸ ਝੁਕਾਇਆ ਤੇ ਜੋਰ ਨਾਲ ਕਹਿਣ ਲੱਗੇ ;"ਭੋਲੀਏ ਸੰਗਤੇ ਗੁਰੂ ਲਾਧੋ ਰੇ,ਸੱਚਾ ਗੁਰੂ ਲੱਭ ਗਿਆ ਹੈ"। ਅੱਜ ਵੀ ਇਸ ਅਸਥਾਨ ਗੁ ਪਾ 9,ਬਾਬਾ ਬਕਾਲਾ ਸਾਹਿਬ ਵਿਖੇ ਸਿੱਖੀ ਭਰੋਸੇ ਨੂੰ ਸਿਜਦਾ ਕਰਨ ਤੇ ਗੁਰੂ ਦੀਆਂ ਅਸੀਸਾਂ ਲੈਣ ਸੰਗਤ ਇੱਥੇ ਆ ਸੀਸ ਝੁਕਾਉਂਦੀ ਹੈ। ਗੁਰਿਆਈ ਦੀ ਸੇਵਾ ਸੰਭਾਲਣ ਤੋਂ ਬਾਅਦ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਸੰਦਾਂ ਦੇ ਵਿਰੋਧ ਤੋਂ ਬਾਅਦ ਗੁਰੂ ਸਾਹਿਬ ਨੇ ਕੀਰਤਪੁਰ ਵਿਖੇ ਨਿਵਾਸ ਕਰਦਿਆਂ ਧਰਮ ਪ੍ਰਚਾਰ ਦੇ ਕਾਰਜ ਕੀਤੇ। 1566 ਈ ਵਿਚ ਦਰਿਆ ਸਤਿਲੁਜ ਦੇ ਕੰਢੇ ਮਾਖੋਵਾਲ ਪਿੰਡ ਦੀ ਜ਼ਮੀਨ ਖਰੀਦ 'ਚੱਕ ਨਾਨਕੀ' ਨਗਰ ਵਸਾਇਆ ਜੋ ਅੱਜ ਸ੍ਰੀ ਅਨੰਦਪੁਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ।'ਚੱਕ ਨਾਨਕੀ' ਵਾਸ ਦੌਰਾਨ ਜਦੋਂ ਔਰੰਗਜ਼ੇਬ ਨੇ ਆਪਣੀ ਨੀਤੀ ਅਨੁਸਾਰ ਗੈਰ ਮੁਸਲਮਾਨਾਂ ਦੀ ਧਾਰਮਿਕ ਅਜ਼ਾਦੀ ਨੂੰ ਖ਼ਤਮ ਕਰਦਿਆਂ ਅਤਿਆਚਾਰਾਂ ਦਾ ਸਿਲਸਿਲਾ ਅਰੰਭ ਕਰ ਦਿੱਤਾ ਤਾਂ ਕਸ਼ਮੀਰ ਦੇ ਵਿਦਵਾਨ ਪੰਡਿਤ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿਚ ਗੁਰੂ ਸਾਹਿਬ ਕੋਲ ਫਰਿਆਦ ਲੈ ਕੇ ਪਹੁੰਚੇ। ਗੁਰੂ ਸਾਹਿਬ ਜੀ ਨੇ ਉਨ੍ਹਾਂ ਦੀ ਪੁਕਾਰ ਸੁਣਦਿਆਂ ਉਨ੍ਹਾਂ ਦੀ ਅਗਵਾਈ ਕਰਨ ਦਾ ਹੌਸਲਾ ਦਿੱਤਾ। ਬਾਲ ਸ੍ਰੀ ਗੋਬਿੰਦ ਜੀ ਜੋ ਉਸ ਵੇਲੇ ਕੇਵਲ 9 ਵਰ੍ਹਿਆਂ ਦੇ ਸਨ ,ਇਸ ਸਮੁੱਚੇ ਵਰਤਾਰੇ ਨੂੰ ਬੜੀ ਗੰਭੀਰਤਾ ਨਾਲ ਵਾਚ ਰਹੇ ਸਨ,ਕਹਿਣ ਲੱਗੇ,"ਗੁਰੂ ਪਿਤਾ ਜੀ ਅੱਜ ਸੰਸਾਰ ਅੰਦਰ ਆਪ ਤੋਂ ਵੱਡਾ ਕੋਈ ਧਰਮੀ ਪੁਰਖ ਨਹੀਂ ,ਆਪ ਆਪਣਾ ਸੀਸ ਦੇ ਕੇ ਇਨ੍ਹਾਂ ਨਿਮਾਣਿਆਂ ਦੀ ਰੱਖਿਆ ਕਰੋ"। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਵਿਖੇ ਧਰਮ ਹਿਤ ਸੀਸ ਭੇਟ ਕਰਦਿਆਂ ਸ੍ਰਿਸ਼ਟੀ ਦੀ ਪੱਤ ਰੱਖੀ ਅਤੇ ਮਾਨਵਤਾ ਨੂੰ ਬਚਾਇਆ। ਗੁਰੂ ਸਾਹਿਬ ਜੀ ਦੀ ਅਦੁੱਤੀ ਸ਼ਹਾਦਤ ਅਤੇ ਜੀਵਨ ਜਾਚ ਸਦਕਾ ਕੁੱਲ ਮਨੁੱਖਤਾ ਗੁਰੂ ਸਾਹਿਬ ਨੂੰ 'ਸ਼੍ਰਿਸ਼ਟੀ ਦੀ ਚਾਦਰ ' ਨਾਲ ਵੀ ਯਾਦ ਕਰਦੀ ਹੈ ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟਿ ਪੈ ਢਾਪੀ ਚਾਦਰ ਧਰਮ ਕਰਮ ਕੀ ਜਿਨਿ ਪਤਿ ਰਾਖੀ ਅਟੱਲ ਕਰੀ ਕਲਜੁਗ ਮੇ ਸਾਖੀ । ਗੁਰੂ ਸਾਹਿਬ ਦੀ ਸਮੁੱਚੀ ਬਾਣੀ 15 ਰਾਗਾਂ ਵਿੱਚ ਦਰਜ ਹੁੰਦਿਆਂ 59 ਸ਼ਬਦ ਤੇ 57 ਸਲੋਕਾਂ ਵਿਚ ਹਰ ਮਨੁੱਖ ਨੂੰ ਨਿਡਰ ਜੀਵਨ ਜਾਚ ਤੇ ਸਾਹਸੀ ਜੀਵਨ ਜਿਊਣ ਦਾ ਪੈਗਾਮ ਦਿੰਦੀ ਹੈ। ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ।। ਗੁਰੂ ਸਾਹਿਬ ਦੇ ਪਾਵਨ ਪ੍ਰਕਾਸ਼ ਪੁਰਬ ਮੌਕੇ ਆਓ ਗੁਰੂ ਸਾਹਿਬ ਦੇ ਪਾਵਨ ਪ੍ਰਕਾਸ਼ ਅਸਥਾਨ ਗੁ.ਗੁਰੂ ਕੇ ਮਹਿਲ ਪਹੁੰਚ ਕੇ ਸਿਜਦਾ ਕਰਦਿਆਂ ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੀਏ। -PTC News