ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਸਬੰਧੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਗੁਰਮਤਿ ਸਮਾਗਮ

By  Jasmeet Singh September 15th 2022 05:14 PM

ਅੰਮ੍ਰਿਤਸਰ, 15 ਸਤੰਬਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟ ਸਾਹਿਬਾਨ ਦੇ ਗੁਰੂ ਸਾਹਿਬ ਨਾਲ ਮਿਲਾਪ ਦਿਹਾੜੇ ਮੌਕੇ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ। ਸਮਾਗਮ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਨੇ ਸੰਗਤ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਭੱਟ ਸਾਹਿਬਾਨ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਹੋਣ ਕਰਕੇ ਸੰਗਤਾਂ ਉਨ੍ਹਾਂ ਦਾ ਬੇਹੱਦ ਸਤਿਕਾਰ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ਼ ਭੱਟ ਸਾਹਿਬਾਨ ਦੀ ਬਾਣੀ ਮਨੁੱਖ ਨੂੰ ਆਪਣੇ ਗੁਰੂ ਪ੍ਰਤੀ ਪ੍ਰੇਮ ਅਤੇ ਸਮਰਪਣ ਭਾਵ ਦ੍ਰਿੜ੍ਹ ਕਰਵਾਉਂਦੀ ਹੈ। ਉਨ੍ਹਾਂ ਸੰਗਤ ਨੂੰ ਪਾਵਨ ਗੁਰਬਾਣੀ ਦੇ ਉਪਦੇਸ਼ਾਂ ’ਤੇ ਚੱਲਣ ਦੀ ਪ੍ਰੇਰਣਾ ਕੀਤੀ। ਇਸ ਮੌਕੇ ਪੁੱਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਭੱਟ ਸਾਹਿਬਾਨ ਨੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਨਮੁੱਖ ਹਾਜ਼ਰ ਹੋ ਕੇ ਗੁਰੂ ਘਰ ਦੀਆਂ ਬਖ਼ਸ਼ਿਸਾਂ ਹਾਸਲ ਕੀਤੀਆਂ। ਭੱਟ ਸਾਹਿਬਾਨ ਵੱਲੋਂ ਉਚਾਰੀ ਗਈ ਪਾਵਨ ਬਾਣੀ ਨੂੰ ਪੰਜਵੇਂ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਕਰਕੇ ਉਨ੍ਹਾਂ ਨੂੰ ਵੱਡਾ ਮਾਣ ਦਿੱਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਹਰ ਮਨੁੱਖ ਜਿੱਥੇ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਨੂੰ ਦ੍ਰਿੜ੍ਹ ਕਰਦਾ ਹੈ, ਉੱਥੇ ਹੀ ਭੱਟ ਸਾਹਿਬਾਨ ਦੀ ਬਾਣੀ ਨੂੰ ਵੀ ਗਾਇਨ ਅਤੇ ਸਰਵਣ ਕਰਦਾ ਹੈ। ਐਡਵੋਕੇਟ ਧਾਮੀ ਨੇ ਸੰਗਤ ਨੂੰ ਬਾਣੀ ਤੇ ਬਾਣੇ ਨਾਲ ਜੁੜਨ ਦੀ ਪ੍ਰੇਰਣਾ ਕਰਦਿਆਂ ਬੱਚਿਆਂ ਨੂੰ ਗੁਰਸਿੱਖੀ ਜੀਵਨ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ। -PTC News

Related Post