ਫਿਲੌਰ : ਦਰਿਆ ਸਤਲੁਜ ਅਤੇ ਵੇਈਆਂ ਦੇ ਦੂਸ਼ਿਤ ਹੋ ਰਹੇ ਪਾਣੀ ਤੇ ਆਬਾਦਕਾਰਾਂ ਨੂੰ ਬਚਾਉਣ ਲਈ ਤਿੰਨ ਜ਼ਿਲ੍ਹਿਆ ਮੀਟਿੰਗ ਉਪਰੰਤ ਜਮਹੂਰੀ ਕਿਸਾਨ ਸਭਾ ਦੇ ਸੂਬਾ ਖ਼ਜਾਨਚੀ ਜਸਵਿੰਦਰ ਸਿੰਘ ਢੇਸੀ, ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ, ਤਹਿਸੀਲ ਪ੍ਰਧਾਨ ਕੁਲਦੀਪ ਸਿੰਘ ਅਤੇ ਤਹਿਸੀਲ ਸਕੱਤਰ ਸਰਬਜੀਤ ਗੋਗਾ ਨੇ ਅੱਜ ਇਥੇ ਕਿਹਾ ਕਿ ਸਤਲੁਜ, ਘੱਗਰ, ਚਿੱਟੀ ਵੇਈ ‘ਚ ਇੰਡਸਟਰੀਜ਼ ਅਤੇ ਹਸਪਤਾਲਾਂ ਦਾ ਕੈਮੀਕਲ ਰਲਿਆ ਪਾਣੀ ਪੈਣ ਨਾਲ ਕਰੀਬ ਅੱਧੇ ਤੋਂ ਵੱਧ ਪੰਜਾਬ ਦਾ ਪਾਣੀ ਪੀਣ ਲਾਇਕ ਨਹੀਂ ਰਿਹਾ। ਜਿਸ ਲਈ 3 ਜੂਨ ਨੂੰ ਪਾਣੀ ਬਚਾਓ ਸੰਘਰਸ਼ ਕਮੇਟੀ ਅਤੇ ਅਬਾਦਕਾਰ ਸੰਘਰਸ਼ ਕਮੇਟੀ ਵਲੋਂ ਬੁੱਢੇ ਨਾਲੇ ਦਾ ਕੈਮੀਕਲ ਰਲਿਆ ਪਾਣੀ ਸਤਲੁਜ ਵਿਚ ਪੈਣ ਤੋਂ ਰੋਕਣ ਲਈ ਬੁਰਜ ਹਸਨ ਬੁੱਢੇ ਦਰਿਆ ਨੂੰ ਬੰਨ੍ਹ ਮਾਰ ਦਿੱਤਾ ਜਾਵੇਗਾ ਤੇ ਦਰਿਆ ਸਤਲੁਜ ਕੰਢੇ ਮਹਿਤਪੁਰ ਸਿਧਵਾਂ ਰੋਡ 'ਤੇ ਵੱਡਾ ਜਨਤਕ ਇਕੱਠ ਕੀਤਾ ਜਾਵੇਗਾ। ਉਕਤ ਆਗੂਆਂ ਨੇ ਕਿਹਾ ਗਠਿਤ ਕਮੇਟੀ ਦੇ ਕੋਆਰਡੀਨੇਟਰ ਕੁਲਵੰਤ ਸਿੰਘ ਸੰਧੂ ਦੀ ਅਗਵਾਈ ਹੇਠ ਇੱਕ ਕਮੇਟੀ ਬਣਾਈ ਗਈ ਹੈ। ਆਗੂਆਂ ਨੇ ਦੱਸਿਆ ਕਿ ਇਨ੍ਹਾਂ ਦੂਸ਼ਿਤ ਪਾਣੀਆਂ ਦੇ ਕੰਢੇ ਵੱਸਦੇ ਲੋਕ ਕੈਂਸਰ, ਲੀਵਰ, ਕਿਡਨੀ, ਕਾਲਾ ਪੀਲੀਆ, ਅੰਧਰਾਤਾ, ਮਾਸਪੇਸ਼ੀਆਂ, ਨੌਹਾਂ ਦਾ ਝੜਨਾ, ਦਿਮਾਗ਼ੀ ਬਿਮਾਰੀਆਂ ਦਾ ਸ਼ਿਕਾਰ ਹਨ। ਆਗੂਆਂ ਨੇ ਪੰਜਾਬ ਸਰਕਾਰ ਨੂੰ ਨੀਂਦ ਤਿਆਗ ਕੇ ਪਾਣੀਆਂ ਨੂੰ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਆਗੂਆਂ ਨੇ ਅੱਗੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ‘ਚ ਸ਼ਾਮਲ 16 ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਫਗਵਾੜਾ ਵਿਖੇ 26 ਮਈ ਨੂੰ 10 ਵਜੇ ਤੋਂ 2 ਵਜੇ ਤੱਕ ਜੀ. ਟੀ. ਰੋਡ ਜਾਮ ਕੀਤਾ ਜਾਵੇਗਾ। ਇਸ ਤੋਂ ਪਹਿਲਾ ਇਹ ਸੱਦਾ 25 ਮਈ ਦਾ ਸੀ। ਆਗੂਆਂ ਨੇ ਕਿਹਾ ਕਿ ਗੰਨੇ ਦੇ ਬਕਾਏ ਲੈਣ, ਅਬਾਦਕਾਰਾਂ ਨੂੰ ਮਾਲਕੀ ਹੱਕ ਦਵਾਉਣ ਲਈ, ਝੋਨੇ ਦੌਰਾਨ ਬਿਜਲੀ ਯਕੀਨੀ ਬਣਾਉਣ, ਸਿੱਧੀ ਬਿਜਾਈ ਲਈ ਪੰਜ ਹਜ਼ਾਰ ਰੁਪਏ ਦੇਣ, ਦਰਿਆ ਦੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਜਾਮ ਲਗਾਇਆ ਜਾ ਰਿਹਾ ਹੈ। -PTC News