ਚੰਡੀਗੜ੍ਹ, 21 ਅਕਤੂਬਰ: ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਸਬੰਧੀ ਪ੍ਰੈਸ ਕਾਨਫਰੰਸ ਕੀਤੀ। ਰਾਜਪਾਲ ਨੇ ਕਿਹਾ ਕਿ ਵੀਸੀ ਦੇ ਐਕਸਟੈਂਸ਼ਨ ਲਈ ਤਿੰਨ ਵਾਰਾਂ ਫਾਈਲ ਆ ਚੁੱਕੀ ਹੈ ਪਰ ਜਦੋਂ ਵੀਸੀ ਨੂੰ ਨਿਯੁਕਤ ਕੀਤਾ ਸੀ ਤਾਂ ਕੋਈ ਫਾਈਲ ਨਹੀਂ ਆਈ। ਰਾਜਪਾਲ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਬਿਨਾਂ ਕਾਰਨ ਉਨ੍ਹਾਂ ਖਿਲਾਫ ਕਿਉਂ ਬੋਲਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ‘ਮੈਂ ਯੂਨੀਵਰਸਿਟੀ ਦਾ ਚਾਂਸਲਰ ਹਾਂ, ਇਸ ਨੂੰ ਚਲਾਉਣਾ ਮੇਰਾ ਕੰਮ ਹੈ’। ਸਰਕਾਰ ਯੂਨੀਵਰਸਿਟੀ ਦੇ ਕੰਮ ਵਿੱਚ ਦਖ਼ਲ ਨਹੀਂ ਦੇ ਸਕਦੀ। ਇਥੇ ਦੱਸਣਾ ਬਣਦਾ ਕਿ ਵੀਰਵਾਰ ਨੂੰ ਮੁੱਖ ਮੰਤਰੀ ਭਗਵਮੰਤ ਮਾਨ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਪੱਤਰ ਲਿਖ ਜਵਾਬ ਦਿੱਤਾ ਸੀ, ਜਿਸ ਵਿੱਚ ਰਾਜਪਾਲ ਨੇ ਵੀਸੀ ਦੀ ਨਿਯੁਕਤੀ ਰੱਦ ਕਰ ਦਿੱਤੀ ਸੀ ਅਤੇ ਨਵੇਂ ਵੀਸੀ ਦੀ ਨਿਯੁਕਤੀ ਦੀ ਪ੍ਰਕਿਰਿਆ ਨੂੰ ਲਾਗੂ ਕਰਨ ਲਈ ਕਿਹਾ ਸੀ। ਮੁੱਖ ਮੰਤਰੀ ਨੇ ਪੰਜਾਬੀ ਵਿੱਚ ਲਿਖੇ ਇਸ ਪੱਤਰ ਨੂੰ ਟਵਿੱਟਰ 'ਤੇ ਸਾਂਝਾ ਕੀਤਾ ਹੈ। ਪੱਤਰ ਵਿੱਚ ਮਾਨ ਨੇ ਵੀਸੀ ਦੀ ਨਿਯੁਕਤੀ ਨੂੰ ਜਾਇਜ਼ ਠਹਿਰਾਉਂਦਿਆਂ ਰਾਜਪਾਲ ਨੂੰ ਪ੍ਰੌਕਸੀ ਯੁੱਧ ਨਾ ਕਰਨ ਅਤੇ ਸਰਕਾਰ ਦੇ ਕੰਮਕਾਜ ਵਿੱਚ ਦਖ਼ਲਅੰਦਾਜ਼ੀ ਨਾ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਰਾਜਪਾਲ ਨੂੰ ਕਈ ਸਵਾਲ ਵੀ ਪੁੱਛੇ ਹਨ।
ਰਾਜਪਾਲ ਨੇ ਕਿਹਾ ਕਿ ਰਾਜ ਦੀਆਂ ਯੂਨੀਵਰਸਿਟੀਆਂ ਵਿੱਚ ਚਾਂਸਲਰ ਦੀ ਵਿਸ਼ੇਸ਼ ਭੂਮਿਕਾ ਹੁੰਦੀ ਹੈ ਅਤੇ ਉਨ੍ਹਾਂ ਨੂੰ ਹਰ ਗਤੀਵਿਧੀ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਤਾਮਿਲਨਾਡੂ ਦੀਆਂ ਕਈ ਯੂਨੀਵਰਸਿਟੀਆਂ ਨੂੰ ਸੰਭਾਲਿਆ ਹੈ। ਉਨ੍ਹਾਂ ਕਿਹਾ ਕਿ ਵਾਈਸ ਚਾਂਸਲਰ ਦੀ ਨਿਯੁਕਤੀ ਲਈ ਤਿੰਨ ਨਾਵਾਂ ਦਾ ਪੈਨਲ ਉਨ੍ਹਾਂ ਕੋਲ ਆਵੇਗਾ, ਉਸ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ ਕਿ ਇਨ੍ਹਾਂ ਵਿੱਚੋਂ ਕੌਣ ਯੋਗ ਹੈ। ਰਾਜਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਯੂਨੀਵਰਸਿਟੀ ਦੇ ਮਾਮਲਿਆਂ ਵਿੱਚ ਕਾਨੂੰਨਾਂ ਤਹਿਤ ਕੁਝ ਨਹੀਂ ਕਰ ਰਹੀ, ਪਰ ਇਸ ਪੂਰੇ ਮਾਮਲੇ 'ਤੇ ਨਜ਼ਰ ਰੱਖਣਾ ਮੇਰਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਮੇਰੀ ਜੋ ਵੀ ਜ਼ਿੰਮੇਵਾਰੀ ਹੋਵੇਗੀ, ਮੈਂ ਉਸ ਨੂੰ ਪੂਰੀ ਤਰ੍ਹਾਂ ਨਿਭਾਵਾਂਗਾ। ਰਾਜਪਾਲ ਨੇ ਕਿਹਾ ਕਿ ਉਨ੍ਹਾਂ ਅਜੇ ਤੱਕ ਪੰਜਾਬ ਸਰਕਾਰ ਖਿਲਾਫ ਕੁਝ ਨਹੀਂ ਬੋਲਿਆ ਪਰ ਉਹ ਆਪਣਾ ਫਰਜ਼ ਜ਼ਰੂਰ ਨਿਭਾਉਣਗੇ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਵਿੱਚ ਸੁਧਾਰ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਰਾਜਪਾਲ ਨੇ ਕਿਹਾ ਕਿ ਸੂਬਾ ਸਰਕਾਰ ਯੂਨੀਵਰਸਿਟੀ ਦੇ ਮਾਮਲਿਆਂ ਵਿੱਚ ਦਖ਼ਲ ਨਹੀਂ ਦੇ ਸਕਦੀ। ਜੇਕਰ ਯੂਨੀਵਰਸਿਟੀ 'ਚ ਕੁਝ ਗਲਤ ਹੋ ਰਿਹਾ ਹੈ ਤਾਂ ਉਸ 'ਤੇ ਨਜ਼ਰ ਰੱਖਣ ਦੀ ਜ਼ਿੰਮੇਵਾਰੀ ਚਾਂਸਲਰ ਦੀ ਬਣਦੀ ਹੈ।
ਪੰਜਾਬੀ ਵਿੱਚ ਲਿਖੀ ਚਿੱਠੀ ਨੂੰ ਲੈ ਕੇ ਵਿਵਾਦ
ਇਸ ਦੇ ਨਾਲ ਹੀ ਪੰਜਾਬੀ ਵਿੱਚ ਲਿਖੇ ਇਸ ਪੱਤਰ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਰਾਜ ਭਵਨ ਨੇ ਕਿਹਾ ਹੈ ਕਿ ਮੁੱਖ ਮੰਤਰੀ ਤੋਂ ਉਨ੍ਹਾਂ ਨੂੰ ਜੋ ਪੱਤਰ ਮਿਲਿਆ ਹੈ, ਉਹ ਅੰਗਰੇਜ਼ੀ ਭਾਸ਼ਾ ਵਿੱਚ ਹੈ ਨਾ ਕਿ ਪੰਜਾਬੀ ਵਿੱਚ। ਰਾਜਪਾਲ ਨੇ ਮੁੱਖ ਮੰਤਰੀ ਨੂੰ ਸਪੱਸ਼ਟ ਕਰਨ ਲਈ ਕਿਹਾ ਹੈ ਕਿ ਅੰਗਰੇਜ਼ੀ ਵਿੱਚ ਪ੍ਰਾਪਤ ਹੋਈਆਂ ਅਤੇ ਪੰਜਾਬੀ ਵਿੱਚ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋਈਆਂ ਚਿੱਠੀਆਂ ਵਿੱਚੋਂ ਕਿਹੜਾ ਪੱਤਰ ਸਹੀ ਹੈ? ਮੁੱਖ ਮੰਤਰੀ ਵੱਲੋਂ ਟਵੀਟ ਕੀਤਾ ਗਿਆ ਪੱਤਰ ਸਿਰਫ਼ ਇੱਕ ਪੰਨੇ ਦਾ ਹੈ ਅਤੇ ਜੋ ਪੱਤਰ ਰਾਜਪਾਲ ਨੂੰ ਅਧਿਕਾਰਤ ਤੌਰ ’ਤੇ ਭੇਜਿਆ ਗਿਆ ਹੈ, ਉਹ ਪੰਜ ਪੰਨਿਆਂ ਵਿੱਚ ਅੰਗਰੇਜ਼ੀ ਵਿੱਚ ਹੈ। ਦੋਵਾਂ ਦੀ ਸ਼ਬਦਾਵਲੀ ਵਿੱਚ ਵੀ ਬਹੁਤ ਅੰਤਰ ਹੈ।
-PTC News