ਸਰਕਾਰ ਨੇ 4 ਮਹੀਨੇ ਵਿੱਚ ਪੰਜਾਬ ਨੂੰ 12 ਹਜ਼ਾਰ ਕਰੋੜ ਦਾ ਕੀਤਾ ਕਰਜਾਈ: ਹਰਸਿਮਰਤ ਕੌਰ ਬਾਦਲ

By  Jasmeet Singh August 31st 2022 06:33 PM -- Updated: August 31st 2022 07:48 PM

ਮਾਨਸਾ, 31 ਅਗਸਤ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਅੱਜ ਮਾਨਸਾ ਜ਼ਿਲ੍ਹੇ ਦਾ ਦੌਰਾ ਕੀਤਾ ਗਿਆ, ਇਸ ਦੌਰਾਨ ਉਹ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ 'ਤੇ ਵਰਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਚਾਰ ਮਹੀਨਿਆਂ ਦੇ ਵਿੱਚ ਹੀ ਬਾਰਾਂ ਹਜ਼ਾਰ ਕਰੋੜ ਰੁਪਏ ਦਾ ਕਰਜ਼ਦਾਰ ਬਣਾ ਦਿੱਤਾ ਹੈ। ਅਕਾਲੀ ਆਗੂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲਾਂ ਦਿੱਲੀ ਦੇ ਵਿਚ ਖ਼ਜ਼ਾਨਾ ਲੁੱਟ ਕੇ ਫਿਰ ਪੰਜਾਬ ਵਿੱਚ ਆਪਣੀ ਕੁਰਸੀਆਂ ਲਾਈਆਂ। ਹੁਣ ਉਨ੍ਹਾਂ ਬੀਬੀਆਂ ਦੇ ਫਾਰਮ ਭਰ ਭਰ ਕੇ ਕਿਹਾ ਕਿ ਤੁਹਾਡੇ ਖਾਤਿਆਂ 'ਚ ਹਜ਼ਾਰ-ਹਜ਼ਾਰ ਰੁਪਏ ਪਾਵਾਂਗੇ ਅਤੇ 6 ਮਹੀਨੇ ਹੋ ਚੁੱਕੇ ਹਨ ਕਿਸੇ ਬੀਬੀ ਦੇ ਖਾਤੇ ਵਿਚ ਦੁਆਨੀ ਤੱਕ ਨਹੀਂ ਆਈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਸ਼ਰਾਬ ਦੇ ਵਿੱਚ ਇੰਨੇ ਵੱਡੇ ਘੁਟਾਲੇ ਕੀਤੇ ਹਨ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਸਮੇਤ ਇਨ੍ਹਾਂ ਦੇ ਅਧਿਕਾਰੀਆਂ 'ਤੇ ਮਾਮਲੇ ਦਰਜ ਹੋਏ ਅਤੇ ਚੀਫ਼ ਸੈਕਟਰੀ ਨੇ ਹੀ ਇਨ੍ਹਾਂ ਤੇ ਦੋਸ਼ ਲਗਾਏ ਕਿ ਇਨ੍ਹਾਂ ਨੇ ਦਿੱਲੀ ਦੇ ਵਿੱਚ ਆਪਣੇ ਦੋ ਚਹੇਤਿਆਂ ਨੂੰ ਪੂਰੀ ਸ਼ਰਾਬ ਵੇਚ ਕੇ ਪੈਸੇ ਕਮਾਏ ਹਨ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਦਿੱਲੀ ਦੇ ਵਾਰਡਾਂ ਵਿਚ ਇੱਕ ਠੇਕਾ ਹੁੰਦਾ ਸੀ ਪਰ ਹੁਣ ਚਾਰ ਚਾਰ ਠੇਕੇ ਇਹਨਾਂ ਨੇ ਖੁਲ੍ਹਵਾ ਦਿੱਤੇ ਹਨ ਅਤੇ ਜਦੋਂ ਕਿ ਬੀਬੀਆਂ ਦੇ ਵੀ ਅਲੱਗ ਠੇਕੇ ਖੁਲ੍ਹਵਾ ਦਿੱਤੇ ਹਨ। ਕੇਜਰੀਵਾਲ ਸਰਕਾਰ ਦੇ ਇਨ੍ਹਾਂ ਚਹੇਤਿਆਂ ਨੇ ਇੱਕ ਨਾਲ ਇੱਕ ਸ਼ਰਾਬ ਦੀ ਬੋਤਲ ਮੁਫ਼ਤ ਕਰ ਕੇ ਲੋਕਾਂ ਨੂੰ ਸ਼ਰਾਬ 'ਤੇ ਲਾ ਦਿੱਤਾ ਅਤੇ ਲੋਕਾਂ ਦੇ ਘਰਾਂ ਦੇ ਵਿੱਚ ਕਲੇਸ਼ ਪਵਾਉਣ ਤੋਂ ਬਾਅਦ ਇਨ੍ਹਾਂ ਦੋ ਚਹੇਤਿਆਂ ਨੇ ਪੈਸੇ ਕਮਾ ਦਿੱਲੀ ਸਰਕਾਰ ਨੂੰ ਦਿੱਤੇ। ਅਕਾਲੀ ਆਗੂ ਦਾ ਕਹਿਣਾ ਸੀ ਕਿ ਉਨ੍ਹਾਂ ਪੈਸਿਆਂ ਦੇ ਨਾਲ ਹੀ ਆ ਕੇ 'ਆਪ' ਨੇ ਪੰਜਾਬ ਦੇ ਵਿੱਚ ਪ੍ਰਚਾਰ ਕੀਤਾ, ਉਹੀ ਠੇਕੇਦਾਰਾਂ ਉਹੀ ਚਹੇਤਿਆਂ ਲਈ ਪੰਜਾਬ ਦੇ ਵਿੱਚ ਸਰਕਾਰ ਬਣਨ ਤੋਂ ਬਾਅਦ ਉਹੀ ਪਾਲਿਸੀ ਲਾਗੂ ਕਰ ਦਿੱਤੀ। ਅਕਾਲੀ ਸੰਸਦ ਮੈਂਬਰ ਨੇ ਕਿਹਾ ਕਿ ਪੰਜਾਬ ਦੇ ਵਿੱਚ ਸ਼ਾਇਦ ਸ਼ਰਾਬ ਪੀਣ ਵਾਲੇ ਤਾਂ ਖ਼ੁਸ਼ ਹੁੰਦੇ ਹੋਣਗੇ ਕਿ ਸ਼ਰਾਬ ਸਸਤੀ ਕਰ ਦਿੱਤੀ ਪਰ ਉਹ ਹੀ ਸ਼ਰਾਬ ਦੇ ਤਹਿਤ ਸਰਕਾਰੀ ਖ਼ਜ਼ਾਨੇ ਨੂੰ ਸਰਕਾਰ ਚੂਨਾ ਲੱਗਾ ਰਹੀ ਹੈ। ਇਨ੍ਹਾਂ ਦੇ ਚਹੇਤੇ ਹੁਣ ਪੰਜਾਬ ਦੇ ਵਿੱਚੋਂ ਮੋਟੀ ਕਮਾਈ ਕਰਨਗੇ। ਜਿੱਥੇ ਪੰਜਾਬ ਦੇ ਵਿਕਾਸ ਦੇ ਕੰਮ ਰੁਕੇ ਹੋਏ ਹਨ ਉੱਥੇ ਹੁਣ ਇਨ੍ਹਾਂ ਦੇ ਚਹੇਤੇ ਮੋਟੀ ਕਮਾਈ ਕਰ ਕੇ ਇਨ੍ਹਾਂ ਨੂੰ ਦੇ ਰਹੇ ਹਨ, ਜਿਸ ਦੇ ਨਾਲ ਹੁਣ ਗੁਜਰਾਤ ਅਤੇ ਹਿਮਾਚਲ ਦੇ ਵਿੱਚ ਪ੍ਰਚਾਰ ਹੋ ਰਿਹਾ ਹੈ। ਹਰਸਿਮਰਤ ਕੌਰ ਬਾਦਲ ਦਾ ਕਹਿਣਾ ਕਿ ਇਸੇ ਤਹਿਤ ਹੀ ਅਕਾਲੀ ਦਲ ਵੱਲੋਂ ਅੱਜ ਰਾਜਪਾਲ ਨੂੰ ਮਿਲਿਆ ਗਿਆ ਤਾਂ ਜੋ ਹਜ਼ਾਰਾਂ ਕਰੋੜ ਰੁਪਏ ਦਾ ਜੋ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲੱਗ ਰਿਹਾ ਹੈ, ਇਸ ਘੁਟਾਲੇ ਦਾ ਪਰਦਾਫਾਸ਼ ਕਰ ਕੇ ਭਗੌੜਿਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਤਾਂ ਜੋ ਦਿੱਲੀ ਦੀ ਤਰਾਂ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲੱਗਣ ਤੋਂ ਰੋਕਿਆ ਜਾ ਸਕੇ। ਇਹ ਵੀ ਪੜ੍ਹੋ: 60 ਤੋਂ ਵੱਧ ਕਾਂਗਰਸ ਨੇਤਾਵਾਂ ਨੇ ਗੁਲਾਮ ਨਬੀ ਆਜ਼ਾਦ ਦੇ ਸਮਰਥਨ 'ਚ ਛੱਡੀ ਪਾਰਟੀ -PTC News

Related Post