ਸਰਕਾਰ ਦਾ ਅਧਿਕਾਰੀਆਂ ਨੂੰ 'ਬੈਸਟ ਪਰਫਾਰਮੈਂਸ ਐਵਾਰਡ' ਨਾਲ ਸਨਮਾਨਿਤ ਕਰਨ ਦਾ ਐਲਾਨ
ਚੰਡੀਗੜ੍ਹ, 17 ਮਾਰਚ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਮਿਲੇ ਲਾਮਿਸਾਲ ਫਤਵੇ ਦਾ ਸਤਿਕਾਰ ਕਰਦੇ ਹੋਏ ਸੂਬੇ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਨੂੰ ਜਨਤਾ ਦੇ ਸੇਵਕ ਵਜੋਂ ਆਪਣਾ ਫਰਜ਼ ਸਹੀ ਭਾਵਨਾ ਨਾਲ ਨਿਭਾਉਣ ਦਾ ਸੱਦਾ ਦਿੱਤਾ। ਇਹ ਵੀ ਪੜ੍ਹੋ: ਆਰਟਿਸਟ ਗੁਰਪ੍ਰੀਤ ਸਿੰਘ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ ਬਣਾਇਆ ਮਾਡਲ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਅੱਜ ਬਾਅਦ ਦੁਪਹਿਰ ਇੱਥੇ ਮੁੱਖ ਮੰਤਰੀ ਦਫ਼ਤਰ ਵਿਖੇ ਪਹਿਲੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿੰਨਾ ਲੋਕਾਂ ਨੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ, ਜਮਹੂਰੀਅਤ ਵਿਚ ਇਹੀ ਲੋਕ ਅਸਲ ਸ਼ਾਸਕ ਹੁੰਦੇ ਹਨ ਅਤੇ ਸਿਆਸਤਦਾਨਾਂ ਨੂੰ ਸੱਤਾ ਵਿਚ ਰਹਿਣ ਜਾਂ ਬਾਹਰ ਦਾ ਰਸਤਾ ਦਿਖਾਉਣ ਦੀ ਤਾਕਤ ਵੀ ਇਹਨਾਂ ਲੋਕਾਂ ਦੇ ਹੱਥ ਵਿਚ ਹੁੰਦੀ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਿਆਸੀ ਬਦਲਾਖੋਰੀ ਦੇ ਰਾਹ ਨਹੀਂ ਪਵੇਗੀ ਅਤੇ ਉਨ੍ਹਾਂ ਨੇ ਸਮੁੱਚੀ ਪ੍ਰਸ਼ਾਸਕੀ ਮਸ਼ੀਨਰੀ ਨੂੰ ਕਿਹਾ ਕਿ ਉਹ ਪਿਛਲੀਆਂ ਸਰਕਾਰਾਂ ਦੇ ਉਲਟ ਆਪਣੀ ਡਿਊਟੀ ਬਿਨਾਂ ਕਿਸੇ ਸਿਆਸੀ ਦਬਾਅ ਅਤੇ ਡਰ-ਭੈਅ ਤੋਂ ਸਮਰਪਿਤ ਭਾਵਨਾ, ਸੰਜੀਦਗੀ ਅਤੇ ਦਿਆਨਤਦਾਰੀ ਨਾਲ ਨਿਭਾਉਣ ਤਾਂ ਕਿ ਪੰਜਾਬੀਆਂ ਦੀਆਂ ਉਮੀਦਾਂ ਉਤੇ ਖਰਾ ਉਤਰਿਆ ਜਾ ਸਕੇ ਜਿਨ੍ਹਾਂ ਨੇ ਸ਼ਾਨਦਾਰ ਫਤਵਾ ਦੇ ਕੇ ਆਮ ਆਦਮੀ ਪਾਰਟੀ ਨੂੰ ਸੂਬੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਮਾਨ ਨੇ ਅੱਗੇ ਕਿਹਾ “ਮੈਂ ਪਿਛਲੀਆਂ ਸਰਕਾਰਾਂ ਵਾਂਗ ਆਪਣੇ ਕੋਲ ਲਾਲ ਡਾਇਰੀ ਨਹੀਂ ਰੱਖਦਾ ਸਗੋਂ ਮੇਰੇ ਕੋਲ ਤਾਂ ਹਰੀ ਡਾਇਰੀ ਹੁੰਦੀ ਹੈ ਜਿਸ ਕਰਕੇ ਕਿਸੇ ਤਰ੍ਹਾਂ ਦੀ ਬਦਲਾਖੋਰੀ ਬਾਰੇ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ।” ਸਿਵਲ ਤੇ ਪੁਲਿਸ ਅਫਸਰਾਂ ਦੀ ਬੇਮਿਸਾਲ ਸਮਰਥਾ ਤੇ ਕਾਬਲੀਅਤ ਦੀ ਸ਼ਲਾਘਾ ਕਰਦੇ ਹੋਏ ਮਾਨ ਨੇ ਕਿਹਾ “ਮੈਂ ਤੁਹਾਡੇ ਤੋਂ ਆਸ ਕਰਦਾਂ ਹਾਂ ਕਿ ਤੁਸੀਂ ਆਮ ਲੋਕਾਂ ਦਾ ਸਤਿਕਾਰ ਕਰੋ ਅਤੇ ਬਦਲੇ ਵਿਚ ਅਸੀਂ ਵੀ ਤਹਾਨੂੰ ਲੋਕ ਸੇਵਕ ਦੇ ਤੌਰ ’ਤੇ ਸਹੀ ਮਾਅਨਿਆਂ ਵਿਚ ਆਪਣੀ ਕਾਰਗੁਜ਼ਾਰੀ ਦਿਖਾਉਣ ਲਈ ਬਣਦਾ ਮਾਣ-ਸਤਿਕਾਰ ਦਿਆਂਗੇ।” ਬਿਨਾਂ ਕੋਈ ਸੰਕੋਚ ਵਰਤਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ “ਮੇਰੀ ਸਰਕਾਰ ਵਿਚ ਭ੍ਰਿਸ਼ਟ ਅਫਸਰਾਂ ਲਈ ਕੋਈ ਥਾਂ ਨਹੀਂ ਹੈ ਅਤੇ ਜੇਕਰ ਅਜਿਹੀ ਕੋਈ ਸ਼ਿਕਾਇਤ ਮੇਰੇ ਧਿਆਨ ਵਿਚ ਆ ਗਈ ਤਾਂ ਇਹੋ ਜਿਹੇ ਅਫਸਰ ਮੈਥੋਂ ਹਮਦਰਦੀ ਦੀ ਝਾਕ ਨਾ ਰੱਖਣ।” ਇਹ ਵੀ ਪੜ੍ਹੋ: ਜਲੰਧਰ ਦੇ ਢਾਬੇ 'ਤੇ ਹੋਇਆ ਹਾਈ ਵੋਲਟੇਜ਼ ਡਰਾਮਾ, ਵੀਡੀਓ ਵਾਇਰਲ ਮੁੱਖ ਮੰਤਰੀ ਨੇ ਜ਼ਮੀਨੀ ਪੱਧਰ 'ਤੇ ਆਮ ਆਦਮੀ ਦੇ ਜੀਵਨ ਵਿੱਚ ਬਦਲਾਅ ਲਿਆਉਣ ਦੇ ਨਾਲ-ਨਾਲ ਸਾਰਿਆਂ ਨੂੰ ਮੁਫ਼ਤ ਤੇ ਨਿਰਪੱਖ ਨਿਆਂ ਯਕੀਨੀ ਬਣਾਉਣ ਲਈ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਤਿਮਾਹੀ ਆਧਾਰ ‘ਤੇ 'ਬੈਸਟ ਪਰਫਾਰਮੈਂਸ ਐਵਾਰਡ' (ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ਐਵਾਰਡ) ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਤਾਂ ਜੋ ਉਹਨਾਂ ਦਾ ਮਨੋਬਲ ਵਧਾਇਆ ਜਾ ਸਕੇ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਉਪਰਾਲਾ ਯਕੀਕਨ ਤੌਰ 'ਤੇ ਹੋਰਨਾਂ ਅਧਿਕਾਰੀਆਂ ਨੂੰ ਹੋਰ ਬਿਹਤਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਾਰਗੁਜ਼ਾਰੀ ਵਿਖਾਉਣ ਲਈ ਪ੍ਰੇਰਿਤ ਕਰੇਗਾ। ਮੁੱਖ ਮੰਤਰੀ ਨੇ ਡੀ.ਜੀ.ਪੀ. ਨੂੰ ਸਾਰੇ ਪੁਲਿਸ ਮੁਲਾਜ਼ਮਾਂ ਦੇ ਜਨਮ ਦਿਨ 'ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਸੰਦੇਸ਼ ਭੇਜਣ ਦੇ ਵੀ ਨਿਰਦੇਸ਼ ਦਿੱਤੇ। -PTC News