ਸਰਕਾਰ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਮੁੜ ਸ਼ੁਰੂ ਕਰਨ ਦਾ ਐਲਾਨ

By  Jasmeet Singh August 14th 2022 03:50 PM

ਚੰਡੀਗੜ੍ਹ, 14 ਅਗਸਤ: ਦੇਸ਼ ਦੀ ਆਜ਼ਾਦੀ ਦੇ 75 ਵਰ੍ਹੇ ਹੋਣ ਦੇ ਸੁਭਾਗੇ ਮੌਕੇ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਸੂਬੇ ਦੇ ਵਿਕਾਸ ਵਿੱਚ ਹਿੱਸੇਦਾਰ ਬਣਾਉਣ, ਯੁਵਾ ਸ਼ਕਤੀ ਨੂੰ ਹੁਲਾਰਾ ਦੇਣ ਅਤੇ ਉਨ੍ਹਾਂ ਨੂੰ ਸਸ਼ਕਤੀਕਰਨ ਲਈ ਪਿਛਲੇ ਸਮੇਂ ਤੋਂ ਰੁਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਨੂੰ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਨੌਜਵਾਨਾਂ ਲਈ ਚੰਡੀਗੜ੍ਹ ਵਿਖੇ ਉਸਾਰੇ ਯੁਵਾ ਭਵਨ ਦਾ ਨਵੀਨੀਕਰਨ ਅਤੇ ਪੁਨਰ-ਸੁਰਜੀਤੀ ਕੀਤੀ ਜਾ ਰਹੀ ਹੈ। ਇਹ ਖੁਲਾਸਾ ਖੇਡਾਂ ਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸੈਕਟਰ-42 ਸਥਿਤ ਯੁਵਕ ਸੇਵਾਵਾਂ ਦੇ ਡਾਇਰੈਕਟੋਰੇਟ ਯੁਵਾ ਭਵਨ ਵਿਖੇ ਕੀਤੀ ਮੀਟਿੰਗ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸੋਚ ਨੂੰ ਅੱਗੇ ਲਿਜਾਣ ਅਤੇ ਨੌਜਵਾਨਾਂ ਨੂੰ ਸੂਬੇ ਦੀ ਅਗਵਾਈ ਲਈ ਤਿਆਰ ਕਰਨ ਲਈ ਨਿਰੰਤਰ ਕੋਸ਼ਿਸ਼ਾਂ ਕਰ ਰਹੀ ਹੈ ਜਿਸ ਦੇ ਸਿੱਟੇ ਵਜੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ। ਇਸ ਪੁਰਸਕਾਰ ਵਿੱਚ 51 ਹਜ਼ਾਰ ਰੁਪਏ ਦੀ ਨਗਦ ਰਾਸ਼ੀ, ਇਕ ਮੈਡਲ, ਇਕ ਸਕਰੋਲ, ਇਕ ਬਲੇਜ਼ਰ ਅਤੇ ਇਕ ਸਰਟੀਫਿਕੇਟ ਨਾਲ ਸਨਮਾਨਤ ਕੀਤਾ ਜਾਵੇਗਾ। ਮੀਤ ਹੇਅਰ ਨੇ ਕਿਹਾ ਕਿ ਸੂਬੇ ਦੇ ਹਰ ਜ਼ਿਲੇ ਦੇ ਦੋ ਨੌਜਵਾਨਾਂ ਜਿਨ੍ਹਾਂ ਦੀ ਉਮਰ 15 ਤੋਂ 35 ਸਾਲ ਦਰਮਿਆਨ ਹੋਵੇ, ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਦਿੱਤਾ ਜਾਂਦਾ ਹੈ ਪਰ ਇਹ ਐਵਾਰਡ ਪਿਛਲੇ ਸਮੇਂ ਤੋਂ ਨਹੀਂ ਦਿੱਤਾ ਗਿਆ। ਪੰਜਾਬ ਸਰਕਾਰ ਨੌਜਵਾਨਾਂ ਨੂੰ ਵਿਸ਼ੇਸ਼ ਤਰਜੀਹ ਦਿੰਦੀ ਹੋਈ ਇਸ ਐਵਾਰਡ ਨੂੰ ਮੁੜ ਸ਼ੁਰੂ ਕਰਨ ਜਾ ਰਹੀ ਹੈ ਜਿਸ ਸਬੰਧੀ ਯੁਵਕ ਸੇਵਾਵਾਂ ਵਿਭਾਗ ਨੂੰ ਨਿਰਦੇਸ਼ ਦੇ ਦਿੱਤੇ ਗਏ ਗਨ। ਯੁਵਕ ਭਲਾਈ ਗਤੀਵਿਧੀਆਂ, ਐਨ.ਸੀ.ਸੀ., ਐਨ.ਐਸ.ਐਸ., ਸਮਾਜਿਕ ਸੇਵਾਵਾਂ, ਸੱਭਿਆਚਾਰ ਗਤੀਵਿਧੀਆਂ, ਖੇਡਾਂ, ਟਰੈਕਿੰਗ, ਰਾਸ਼ਟਰੀ ਏਕਤਾ, ਖੂਨਦਾਨ, ਨਸ਼ਿਆਂ ਵਿਰੁੱਧ ਜਾਗਰੂਕਤਾ, ਵਿਦਿਅਕ ਯੋਗਤਾ, ਬਹਾਦਰੀ ਦੇ ਕਾਰਨਾਮੇ, ਸਕਾਊਟਸ ਅਤੇ ਗਾਈਡਿੰਗ ਅਤੇ ਸਾਹਸੀ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਾਲੇ ਨੌਜਵਾਨਾਂ ਵਿੱਚੋਂ ਉਨ੍ਹਾਂ ਦੀ ਮੈਰਿਟ ਅਨੁਸਾਰ ਚੋਣ ਕਰਕੇ ਇਹ ਐਵਾਰਡ ਦਿੱਤਾ ਜਾਵੇਗਾ। ਯੁਵਕ ਸੇਵਾਵਾਂ ਮੰਤਰੀ ਨੇ ਚੰਡੀਗੜ੍ਹ ਵਿਖੇ ਯੁਵਾ ਭਵਨ ਇਮਾਰਤ ਦੇ ਨਵੀਨੀਕਰਨ ਅਤੇ ਪੁਨਰ ਸੁਰਜੀਤੀ ਲਈ ਵੀ ਆਖਿਆ ਹੈ ਜਿਸ ਉਤੇ ਕਰੀਬ 3 ਕਰੋੜ ਰੁਪਏ ਖਰਚ ਆਉਣਗੇ। ਯੁਵਕਾਂ ਲਈ 'ਸੈਂਟਰ ਆਫ ਐਕਸੀਲੈਂਸ' ਵਜੋਂ ਬਣਾਏ ਜਾਣ ਵਾਲੇ ਇਸ ਯੁਵਾ ਭਵਨ ਦਾ ਉਦੇਸ਼ ਨੌਜਵਾਨਾਂ ਲਈ ਸਰਕਾਰ ਦੀਆਂ ਗਤੀਵਿਧੀਆਂ, ਪ੍ਰੋਗਰਾਮਾਂ ਨੂੰ ਵਧਾਉਣਾ ਹੈ। ਇਸ ਤੋਂ ਇਲਾਵਾ ਯੁਵਕ ਮੇਲੇ ਕਰਵਾਉਣ ਲਈ ਵੀ ਕਿਹਾ ਗਿਆ ਜਿਸ ਵਿੱਚ ਨੌਜਵਾਨ ਵੱਡੇ ਪੱਧਰ ਉੱਤੇ ਹਿੱਸਾ ਲੈਣਗੇ। ਮੀਟਿੰਗ ਵਿੱਚ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ, ਡਾਇਰੈਕਟਰ ਰਾਜੇਸ਼ ਧੀਮਾਨ, ਡਿਪਟੀ ਡਾਇਰੈਕਟਰ ਡਾ. ਕਮਲਜੀਤ ਸਿੰਘ ਸਿੱਧੂ ਤੇ ਸਹਾਇਕ ਡਾਇਰੈਕਟਰ ਰੁਪਿੰਦਰ ਕੌਰ ਵੀ ਹਾਜ਼ਰ ਸਨ। ਇਹ ਵੀ ਪੜ੍ਹੋ: ਕੁਝ ਦਿਨਾਂ 'ਚ ਉਨ੍ਹਾਂ ਸਾਰੇ ਲੋਕਾਂ ਦੇ ਨਾਂ ਜਨਤਕ ਕਰਨਗੇ ਮੂਸੇਵਾਲਾ ਦੇ ਪਿਤਾ, ਜਿਨ੍ਹਾਂ ਕਾਰਨ ਹੋਈ ਸਿੱਧੂ ਦੀ ਮੌਤ -PTC News

Related Post