ਸਰਕਾਰੀ ਇਸ਼ਤਿਹਾਰਾਂ 'ਚ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਥਾਂ ਲਾਈ ਇਸ ਇੰਫੈਨਟਰੀ ਦੇ ਜਵਾਨਾਂ ਦੀ ਤਸਵੀਰ
ਚੰਡੀਗੜ੍ਹ, 12 ਸਤੰਬਰ: ਬਾਰ੍ਹਾਂ ਸਤੰਬਰ ਦੀ ਤਾਰੀਖ ਉਨ੍ਹਾਂ 21 ਸਿੱਖਾਂ ਦੇ ਨਾਮ 'ਤੇ ਇਤਿਹਾਸ ਵਿੱਚ ਦਰਜ ਹੈ ਜਿਨ੍ਹਾਂ ਨੇ ਸਾਰਾਗੜ੍ਹੀ ਦੀ ਲੜਾਈ ਵਿੱਚ 10,000 ਅਫਗਾਨ ਫੌਜਾਂ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ ਸੀ। ਅੱਜ ਉਸ ਲੜਾਈ ਦੀ 125ਵੀਂ ਵਰ੍ਹੇਗੰਢ ਅਤੇ ਉਨ੍ਹਾਂ ਸਿੱਖਾਂ ਦੀ ਬਹਾਦਰੀ ਦਾ ਯਾਦਗਾਰੀ ਦਿਨ ਹੈ। ਪਰ ਅਫ਼ਸੋਸ ਸੱਤਾਧਾਰੀ ਸੂਬਾ ਸਰਕਾਰ ਦੇ ਸੋਸ਼ਲ ਮੀਡੀਆ ਸੈੱਲ ਨੂੰ ਇਸ ਨਾਲ ਜ਼ਿਆਦਾ ਕੁੱਝ ਲੈਣਾ ਦੇਣਾ ਨਹੀਂ ਹੈ, ਤਾਂਹੀਓਂ ਤਾਂ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਯਾਦ ਕਰਨ ਦੀ ਥਾਂ ਉਨ੍ਹਾਂ ਵੱਲੋਂ ਮਹਿਜ਼ ਖਾਨਾਪੂਰਤੀ ਹੀ ਕੀਤੀ ਗਈ ਹੈ। ਜਿਸ ਵਿਚ ਲੋਕਾਂ ਦੇ ਟੈਕਸ ਵਜੋਂ ਇਕੱਠਾ ਕੀਤਾ ਗਿਆ ਲੱਖਾਂ ਦਾ ਮਾਲ ਗਲਤ ਇਤਿਹਾਸਕ ਤਸਵੀਰ ਨੂੰ ਸਾਂਝਾ ਕਰਦਿਆਂ ਫ਼ੂਕ ਦਿੱਤਾ ਗਿਆ।
ਇਸ ਤੱਥ ਦਾ ਖ਼ੁਲਾਸਾ ਕੀਤਾ ਗਿਆ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ ਪਾਰਟੀ ਵੱਲੋਂ ਜਿਨ੍ਹਾਂ ਅੱਜ ਦੇ ਅਖ਼ਬਾਰ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਇਹ ਤਸਵੀਰ ਸਰਕਾਰੀ ਇਸ਼ਤਿਹਾਰ ਦੀ ਹੈ ਜਿਸ ਵਿਚ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਅਤੇ ਹੇਠਾਂ ਆਲੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਵੀ ਹੱਥ ਜੋੜੀ ਖਲੋਤੇ ਵੇਖੇ ਜਾ ਸਕਦੇ ਹਨ।ਅਫ਼ਸੋਸ ਇਸ਼ਤਿਹਾਰ ਵਿਚ ਜਿਨ੍ਹਾਂ ਸ਼ਹੀਦਾਂ ਦੀ ਤਸਵੀਰ ਸਾਂਝੀ ਕੀਤੀ ਗਈ ਹੈ ਉਹ ਸਾਰਾਗੜ੍ਹੀ ਦੇ 21 ਲਾਸਾਨੀ ਸ਼ਹੀਦ ਨਹੀਂ ਸਗੋਂ ਬੰਗਾਲ ਇੰਫੈਨਟਰੀ ਦੀ ਇੱਕ ਟੁਕੜੀ ਦੇ ਸਿਪਾਹੀ ਨੇ, ਜਿਸ ਵਿਚ ਦੋ ਬ੍ਰਿਟਿਸ਼ ਅਫ਼ਸਰ ਵੀ ਵੇਖੇ ਜਾ ਸਕਦੇ ਹਨ।
ਇਸ ਗੱਲ ਦਾ ਖ਼ੁਲਾਸਾ ਕਰਦਿਆਂ ਪੰਜਾਬ ਲੋਕ ਕਾਂਗਰਸ ਨੇ ਆਪਣੇ ਟਵੀਟ 'ਚ ਲਿਖਿਆ, "ਪੰਜਾਬ ਦੇ ਸੀ.ਐਮ @ਭਗਵੰਤ ਮਾਨ, ਜੋ ਹਰ ਇਸ਼ਤਿਹਾਰ ਵਿੱਚ ਆਪਣੀ ਵੱਡੀ ਫੋਟੋ ਲਗਾਉਣਾ ਪਸੰਦ ਕਰਦੇ ਹਨ, ਉਨ੍ਹਾਂ ਨੂੰ ਸਾਰਾਗੜ੍ਹੀ ਦੀ ਲੜਾਈ ਵਿੱਚ ਬਹਾਦਰੀ ਨਾਲ ਲੜਨ ਵਾਲੇ 36 ਸਿੱਖ ਬਟਾਲੀਅਨ ਦੇ ਸਿੱਖ ਸਿਪਾਹੀਆਂ ਅਤੇ 20ਵੀਂ ਬੰਗਾਲ ਦੀ ਇੰਫੈਨਟਰੀ ਦੇ ਅੰਗਰੇਜ਼ ਅਫਸਰਾਂ ਅਤੇ ਸਿਪਾਹੀਆਂ ਵਿੱਚ ਫਰਕ ਵੀ ਨਹੀਂ ਪਤਾ। ਸ਼ਰਮਨਾਕ!"