ਚੰਡੀਗੜ੍ਹ : ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸ਼ਰਨ ਵਿੱਚ ਪੁੱਜ ਚੁੱਕੇ ਹਨ। ਗਿਲਜੀਆਂ ਨੇ ਪਟੀਸ਼ਨ ਦਾਖਲ ਕਰ ਕੇ ਐਫਆਈਆਰ ਰੱਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦੀ ਪਟੀਸ਼ਨ 'ਤੇ ਬੁੱਧਵਾਰ ਨੂੰ ਸੁਣਵਾਈ ਹੋਵੇਗੀ। ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਵਿਰੁੱਧ ਜੰਗਾਲ ਮਹਿਕਮੇ ਦੀ ਜ਼ਮੀਨ ਵਿੱਚੋਂ ਖੈਰ ਦੇ ਦਰੱਖਤਾਂ ਦੀ ਨਾਜਾਇਜ਼ ਕਟਾਈ ਤੇ ਹੋਰ ਬੇਨਿਯਮੀਆਂ ਦਾ ਮਾਮਲਾ ਦਰਜ ਕੀਤਾ ਸੀ ਤੇ ਇਸੇ ਮਾਮਲੇ ਵਿੱਚ ਗਿਲਜੀਆਂ ਨੂੰ ਵੀ ਨਾਮਜ਼ਦ ਕੀਤਾ ਸੀ। ਧਰਮਸੋਤ ਕੋਲੋਂ ਪੁੱਛਗਿੱਛ ਉਪਰੰਤ ਨਿਆਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਸੀ ਪਰ ਅਜੇ ਤੱਕ ਗਿਲਜੀਆਂ ਕੋਲੋਂ ਪੁੱਛਗਿੱਛ ਨਹੀਂ ਹੋਈ ਹੈ ਤੇ ਹੁਣ ਇਸੇ ਦੌਰਾਨ ਗਿਲਜੀਆਂ ਨੇ ਉਨ੍ਹਾਂ ਵਿਰੁੱਧ ਦਰਜ ਐਫਆਈਆਰ ਰੱਦ ਕਰਨ ਦੀ ਮੰਗ ਕੀਤੀ ਹੈ, ਜਿਸ 'ਤੇ ਅੱਜ ਸੁਣਵਾਈ ਹੋਵੇਗੀ। ਜ਼ਿਕਰਯੋਗ ਹੈ ਕਿ ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸ ਲੀਡਰ ਸਾਧੂ ਸਿੰਘ ਧਰਮਸੋਤ (Sadhu Singh Dharamsot) ਨੂੰ ਵਿਜੀਲੈਂਸ ਬਿਓਰੋ (Vigilance Bureau) ਨੇ ਗ੍ਰਿਫ਼ਤਾਰ ਕਰ ਲਿਆ ਸੀ। ਉਸ ਦੇ ਨਾਲ ਕਥਿਤ ਤੌਰ 'ਤੇ ਸਹਾਇਕ ਵਜੋਂ ਕੰਮ ਕਰ ਰਹੇ ਸਥਾਨਕ ਪੱਤਰਕਾਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਧਰਮਸੋਤ 'ਤੇ ਜੰਗਲਾਤ ਮੰਤਰੀ ਰਹਿੰਦੀਆਂ ਘੁਟਾਲੇ ਦੇ ਇਲਜ਼ਾਮ ਹਨ। ਮੰਤਰੀ ਦੀ ਮਿਲੀਭੁਗਤ ਨਾਲ ਦਰੱਖ਼ਤ ਕੱਟੇ ਜਾਂਦੇ ਸੀ। ਇੱਕ ਦਰੱਖਤ ਕੱਟਣ ਦੇ ਮੰਤਰੀ ਤੱਕ 500 ਰੁਪਏ ਪਹੁੰਚਦੇ ਸੀ। ਨਵੇਂ ਬੂਟੇ ਲਗਾਉਣ 'ਤੇ ਵੀ ਕਮਿਸ਼ਨ ਲੈਣ ਦਾ ਇਲਜ਼ਾਮ ਹੈ। ਇੱਕ ਸਾਲ ਚ ਕਰੀਬ 25 ਹਜ਼ਾਰ ਦਰੱਖ਼ਤ ਕੱਟੇ ਗਏ। ਪਿਛਲੀ ਕਾਂਗਰਸ ਸਰਕਾਰ ਵੇਲੇ ਧਰਮਸੋਤ 'ਤੇ SC ਸਕਾਲਰਸ਼ਿਪ ਘੁਟਾਲੇ ਦੇ ਵੀ ਇਲਜ਼ਾਮ ਲੱਗੇ ਸਨ। ਹਾਲਾਂਕਿ ਜਾਂਚ ਦੌਰਾਨ ਧਰਮਸੋਤ ਨੂੰ ਤਤਕਾਲੀ ਸਰਕਾਰ ਨੇ ਕਲੀਨਚਿੱਟ ਦਿੱਤੀ ਸੀ। ਇਸ ਪੂਰੇ ਮਾਮਲੇ ਵਿੱਚ ਧਰਮਸੋਤ ਤੋਂ ਇਲਾਵਾ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਵਿੱਚ ਦੋਵੇਂ ਓ.ਐਸ.ਡੀਜ਼ ਦੱਸੇ ਜਾ ਰਹੇ ਹਨ। ਪਹਿਲਾ ਚਮਕੌਰ ਸਿੰਘ ਜਿਸਨੂੰ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਦੂਜਾ ਕਮਲਜੀਤ ਸਿੰਘ ਜਿਸਨੂੰ ਖੰਨਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਹ ਵੀ ਪੜ੍ਹੋ : ਸਾਈਬਰ ਅਪਰਾਧੀਆਂ ਦੇ ਹੌਸਲੇ ਬੁਲੰਦ, ਪੰਜਾਬ ਦੇ ਡੀਜੀਪੀ ਦੀ ਫੋਟੋ ਦੀ ਕੀਤੀ ਗਲਤ ਵਰਤੋਂ