ਗੁਲਾਮ ਨਬੀ ਆਜ਼ਾਦ ਵੱਲੋਂ ਨਵੀਂ ਪਾਰਟੀ ਦਾ ਗਠਨ, 'ਡੈਮੋਕਰੈਟਿਕ ਆਜ਼ਾਦ ਪਾਰਟੀ' ਰੱਖਿਆ ਨਾਂਅ

By  Jasmeet Singh September 26th 2022 01:37 PM -- Updated: September 26th 2022 01:42 PM

Ghulam Nabi Azad forms 'Democratic Azad Party': ਕਾਂਗਰਸ ਦੇ ਸਾਬਕਾ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੇ ਪਾਰਟੀ ਛੱਡਣ ਦੇ ਇਕ ਮਹੀਨੇ ਬਾਅਦ ਹੀ ਆਪਣੀ ਪਾਰਟੀ ਬਣਾ ਲਈ ਹੈ। ਦੱਸ ਦੇਈਏ ਕਿ ਗੁਲਾਮ ਨਬੀ ਆਜ਼ਾਦ ਨੇ ਪਿਛਲੇ ਮਹੀਨੇ 26 ਅਗਸਤ ਨੂੰ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਅਸਤੀਫ਼ੇ ਮਗਰੋਂ ਉਨ੍ਹਾਂ ਐਲਾਨ ਕੀਤਾ ਸੀ ਕਿ ਬਹੁਤ ਜਲਦ ਉਹ ਆਪਣੀ ਨਵੀਂ ਪਾਰਟੀ ਬਣਾਉਣਗੇ ਜਿਸਦਾ ਨਾਂ ਅਤੇ ਝੰਡਾ ਦੋ ਦਿਨ ਪਹਿਲਾਂ ਹੀ ਤੈਅ ਹੋ ਪਾਇਆ। ਪਿਛਲੇ ਮਹੀਨੇ ਕਾਂਗਰਸ ਨਾਲੋਂ ਪੰਜ ਦਹਾਕਿਆਂ ਤੋਂ ਵੱਧ ਪੁਰਾਣਾ ਨਾਤਾ ਤੋੜਨ ਵਾਲੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਨੇ ਅੱਜ ਆਪਣੀ ਪਾਰਟੀ ਦੇ ਨਾਂ ਦਾ ਐਲਾਨ ਕਰਦਿਆਂ ਕਿਹਾ, "ਮੇਰੀ ਨਵੀਂ ਪਾਰਟੀ ਲਈ ਲਗਭਗ 1,500 ਨਾਮ ਉਰਦੂ, ਸੰਸਕ੍ਰਿਤ ਵਿੱਚ ਸਾਨੂੰ ਭੇਜੇ ਗਏ ਸਨ। ਹਿੰਦੀ ਅਤੇ ਉਰਦੂ ਦਾ ਮਿਸ਼ਰਣ 'ਹਿੰਦੁਸਤਾਨੀ' ਹੈ। ਅਸੀਂ ਚਾਹੁੰਦੇ ਹਾਂ ਕਿ ਇਹ ਨਾਮ ਲੋਕਤੰਤਰੀ, ਸ਼ਾਂਤੀਪੂਰਨ ਅਤੇ ਸੁਤੰਤਰ ਹੋਵੇ।" ਝੰਡੇ ਨੂੰ ਜਨਤਕ ਕਰਦਿਆਂ ਆਜ਼ਾਦ ਨੇ ਕਿਹਾ, "ਸਰ੍ਹੋਂ ਦਾ ਰੰਗ ਰਚਨਾਤਮਕਤਾ ਅਤੇ ਵਿਭਿੰਨਤਾ ਵਿੱਚ ਏਕਤਾ ਨੂੰ ਦਰਸਾਉਂਦਾ ਹੈ, ਚਿੱਟਾ ਸ਼ਾਂਤੀ ਅਤੇ ਨੀਲਾ ਆਜ਼ਾਦੀ, ਖੁੱਲ੍ਹੀ ਥਾਂ, ਕਲਪਨਾ ਅਤੇ ਸਮੁੰਦਰ ਦੀ ਡੂੰਘਾਈ ਤੋਂ ਅਸਮਾਨ ਦੀਆਂ ਉਚਾਈਆਂ ਤੱਕ ਸੀਮਾਵਾਂ ਨੂੰ ਦਰਸਾਉਂਦਾ ਹੈ।" 73 ਸਾਲਾ ਗੁਲਾਮ ਨਬੀ ਆਜ਼ਾਦ ਨੇ 26 ਅਗਸਤ ਨੂੰ ਕਾਂਗਰਸ ਪਾਰਟੀ ਨੂੰ "ਪੂਰੀ ਤਰ੍ਹਾਂ ਨਾਲ ਤਬਾਹ" ਕਰਾਰ ਦਿੰਦਿਆਂ ਪਾਰਟੀ ਛੱਡ ਦਿੱਤੀ ਸੀ। ਉਨ੍ਹਾਂ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਹ ਸਾਰੀ ਸਲਾਹਕਾਰੀ ਵਿਧੀ ਨੂੰ ਢਾਹੁਣ 'ਤੇ ਲੱਗੇ ਹੋਏ ਹਨ। ਕਾਂਗਰਸ ਛੱਡਣ ਤੋਂ ਬਾਅਦ ਜੰਮੂ ਵਿੱਚ ਆਪਣੀ ਪਹਿਲੀ ਜਨਤਕ ਮੀਟਿੰਗ ਵਿੱਚ ਉਨ੍ਹਾਂ ਘੋਸ਼ਣਾ ਕੀਤੀ ਸੀ ਕਿ ਉਹ ਆਪਣੀ ਸਿਆਸੀ ਜਥੇਬੰਦੀ ਸ਼ੁਰੂ ਕਰਨਗੇ ਜੋ ਜੰਮੂ ਅਤੇ ਕਸ਼ਮੀਰ ਦੇ ਰਾਜ ਦਾ ਦਰਜਾ ਬਹਾਲ ਕਰਨ ਅਤੇ ਇੱਥੋਂ ਦੇ ਵਸਨੀਕਾਂ ਦੇ ਰੁਜ਼ਗਾਰ ਦੇ ਅਧਿਕਾਰਾਂ 'ਤੇ ਧਿਆਨ ਕੇਂਦਰਤ ਕਰੇਗੀ। ਇਹ ਵੀ ਪੜ੍ਹੋ: ਗੈਂਗਸਟਰ ਗੋਲਡੀ ਬਰਾੜ ਨੇ ਕੈਨੇਡਾ ਛੱਡ ਅਮਰੀਕਾ ਦੇ ਇਸ ਸ਼ਹਿਰ ਨੂੰ ਬਣਾਇਆ ਆਪਣਾ ਨਵਾਂ ਟਿਕਾਣਾ ਸਾਬਕਾ ਉਪ ਮੁੱਖ ਮੰਤਰੀ ਤਾਰਾ ਚੰਦ ਸਮੇਤ ਦੋ ਦਰਜਨ ਤੋਂ ਵੱਧ ਪ੍ਰਮੁੱਖ ਕਾਂਗਰਸੀ ਨੇਤਾਵਾਂ, ਕਈ ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਨੇ ਵੀ ਆਜ਼ਾਦ ਦੇ ਸਮਰਥਨ ਵਿੱਚ ਕਾਂਗਰਸ ਤੋਂ ਅਸਤੀਫ਼ੇ ਦੇ ਦਿੱਤੇ ਹਨ। -PTC News

Related Post