ਜਨਰਲ ਮਨੋਜ ਪਾਂਡੇ ਨੇ ਭਾਰਤੀ ਥਲ ਸੈਨਾ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ
ਨਵੀਂ ਦਿੱਲੀ : ਜਨਰਲ ਮਨੋਜ ਪਾਂਡੇ ਨੇ ਅੱਜ ਭਾਰਤੀ ਥਲ ਸੈਨਾ ਦੇ 29ਵੇਂ ਮੁਖੀ ਵਜੋਂ ਅਹੁਦਾ ਸੰਭਾਲ ਲਿਆ। ਉਹ ਜਨਰਲ ਐੱਮਐੱਮ ਨਰਵਾਣੇ ਦੀ ਥਾਂ ਆਏ ਹਨ। ਜਨਰਲ ਮਨੋਜ ਪਾਂਡੇ ਨੇ ਮੌਜੂਦਾ ਜਨਰਲ ਐਮਐਮ ਨਰਵਾਣੇ ਦੇ ਸੇਵਾਮੁਕਤ ਹੋਣ ਤੋਂ ਬਾਅਦ ਸੈਨਾ ਦੇ 29ਵੇਂ ਮੁਖੀ ਵਜੋਂ ਅਹੁਦਾ ਸੰਭਾਲਿਆ। ਜਨਰਲ ਪਾਂਡੇ ਜੋ ਉਪ ਮੁਖੀ ਦੇ ਤੌਰ ਉਤੇ ਸੇਵਾ ਨਿਭਾਅ ਰਹੇ ਸਨ ਤੇ ਫੋਰਸ ਦੀ ਅਗਵਾਈ ਕਰਨ ਵਾਲੇ ਇੰਜੀਨੀਅਰ ਕੋਰ ਦੇ ਪਹਿਲੇ ਅਧਿਕਾਰੀ ਬਣੇ।
1 ਫਰਵਰੀ ਨੂੰ ਥਲ ਸੈਨਾ ਦੇ ਉਪ ਮੁਖੀ ਵਜੋਂ ਅਹੁਦਾ ਸੰਭਾਲਣ ਤੋਂ ਪਹਿਲਾਂ ਜਨਰਲ ਪਾਂਡੇ ਪੂਰਬੀ ਆਰਮੀ ਕਮਾਂਡ ਦੀ ਅਗਵਾਈ ਕਰ ਰਹੇ ਸਨ, ਜਿਸ ਨੂੰ ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਸੈਕਟਰਾਂ ਵਿੱਚ ਐਲਏਸੀ ਦੀ ਸੁਰੱਖਿਆ ਦਾ ਕੰਮ ਸੌਂਪਿਆ ਗਿਆ ਸੀ। ਜਨਰਲ ਪਾਂਡੇ ਨੇ ਅਜਿਹੇ ਸਮੇਂ 'ਚ ਫੌਜ ਦਾ ਚਾਰਜ ਸੰਭਾਲਿਆ ਹੈ, ਜਦੋਂ ਭਾਰਤ ਚੀਨ ਅਤੇ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਸਮੇਤ ਕਈ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ।
ਸੈਨਾ ਮੁਖੀ ਹੋਣ ਦੇ ਨਾਤੇ ਉਨ੍ਹਾਂ ਨੂੰ ਸਰਕਾਰ ਦੀ ਯੋਜਨਾ ਤਹਿਤ ਜਲ ਸੈਨਾ ਤੇ ਭਾਰਤੀ ਹਵਾਈ ਸੈਨਾ ਨਾਲ ਵੀ ਤਾਲਮੇਲ ਬਣਾਉਣਾ ਹੋਵੇਗਾ। ਥੀਏਟਰਾਈਜ਼ੇਸ਼ਨ ਯੋਜਨਾ ਭਾਰਤ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐਸ) ਜਨਰਲ ਬਿਪਿਨ ਰਾਵਤ ਵੱਲੋਂ ਲਾਗੂ ਕੀਤੀ ਜਾ ਰਹੀ ਸੀ, ਜਿਨ੍ਹਾਂ ਦੀ ਪਿਛਲੇ ਦਸੰਬਰ ਵਿੱਚ ਇੱਕ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਸੀ। ਸਰਕਾਰ ਨੇ ਅਜੇ ਜਨਰਲ ਰਾਵਤ ਦੀ ਜਗ੍ਹਾ ਕਿਸੇ ਅਧਿਕਾਰੀ ਦੀ ਨਿਯੁਕਤੀ ਨਹੀਂ ਕੀਤੀ ਹੈ।
ਆਪਣੇ ਸ਼ਾਨਦਾਰ ਕਰੀਅਰ ਵਿੱਚ, ਜਨਰਲ ਪਾਂਡੇ ਨੇ ਅੰਡੇਮਾਨ ਅਤੇ ਨਿਕੋਬਾਰ ਕਮਾਂਡ (ਸੀਆਈਐਨਸੀਏਐਨ) ਦੇ ਕਮਾਂਡਰ-ਇਨ-ਚੀਫ਼ ਵਜੋਂ ਵੀ ਸੇਵਾ ਨਿਭਾਈ ਹੈ। ਪਾਂਡੇ ਨੈਸ਼ਨਲ ਡਿਫੈਂਸ ਅਕੈਡਮੀ ਦੇ ਸਾਬਕਾ ਵਿਦਿਆਰਥੀ ਹਨ ਤੇ ਉਨ੍ਹਾਂ ਨੇ ਦਸੰਬਰ 1982 ਵਿੱਚ ਕੋਰ ਆਫ ਇੰਜੀਨੀਅਰਜ਼ (ਦ ਬੰਬੇ ਸੈਪਰਸ) ਵਿੱਚ ਕਮਿਸ਼ਨ ਦਿੱਤਾ ਸੀ।