ਚੰਡੀਗੜ੍ਹ : ਪੰਜਾਬ ਪੁਲਿਸ ਲਈ ਅੱਤਵਾਦੀ ਤੇ ਗੈਂਗਸਟਰ ਵੱਡੀ ਚੁਣੌਤੀ ਬਣ ਰਹੇ ਹਨ। ਕੈਨੇਡਾ ਵਿੱਚ ਬੈਠਾ ਗੈਂਗਸਟਰ ਗੋਲਡੀ ਬਰਾੜ ਤੇ ਪਾਕਿਸਤਾਨ ਵਿੱਚ ਬੈਠਾ ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਪੰਜਾਬ ਪੁਲਿਸ ਨੂੰ ਸ਼ਰੇਆਮ ਧਮਕੀਆਂ ਦੇ ਰਹੇ ਹਨ। ਗੈਂਗਸਟਰ ਦੀ ਧਮਕੀ ਮਗਰੋਂ ਜੇਲ੍ਹ ਮੰਤਰੀ ਨੇ ਟਵੀਟ ਕਰ ਕੇ ਕਰਾਰਾ ਜਵਾਬ ਦਿੱਤਾ ਹੈ। ਇਸ ਮਗਰੋਂ ਪੁਲਿਸ ਪ੍ਰਸ਼ਾਸਨ ਨੇ ਸੁਰੱਖਿਆ ਪ੍ਰਬੰਧ ਪੁਖ਼ਤਾ ਕਰ ਦਿੱਤੇ ਹਨ। ਸੋਸ਼ਲ ਮੀਡੀਆ ਰਾਹੀਂ ਗੈਂਗਸਟਰ ਗੋਲਡੀ ਬਰਾੜ ਵੱਲੋਂ ਦਿੱਤੀ ਧਮਕੀ ਦਾ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਕਰਾਰਾ ਜਵਾਬ ਦਿੱਤਾ ਹੈ। ਜੇਲ੍ਹ ਮੰਤਰੀ ਨੇ ਟਵੀਟ ਕੀਤਾ ਕਿ ਜੇਲ੍ਹਾਂ ਵਿਚ ਵੀਆਈਪੀ ਸਹੂਲਤਾਂ ਤੇ ਪੀਜ਼ੇ ਮਿਲਣ ਦੇ ਦਿਨ ਹੁਣ ਗਏ। ਹੁਣ ਜੇਲ੍ਹਾਂ ਅਸਲ ਵਿਚ ਸੁਧਾਰ ਘਰ ਬਣਨਗੀਆਂ। ਜਦੋਂ ਤੋਂ ਮੁੱਖ ਮੰਤਰੀ ਵੱਲੋਂ ਉਨ੍ਹਾਂ ਇਹ ਵਿਭਾਗ ਦਿੱਤਾ ਗਿਆ ਹੈ, ਉਦੋਂ ਤੋਂ ਉਹ ਉਨ੍ਹਾਂ ਦੇ ਅਫਸਰ ਆਪਣੀਆਂ ਸੇਵਾਵਾਂ ਪ੍ਰਤੀ ਵਚਨਬੱਧ ਹਨ। ਅਸੀਂ ਹੁਣ ਜੇਲ੍ਹਾਂ ਨੂੰ ਨਸ਼ਾ, ਮੋਬਾਈਲ ਤੇ ਅਪਰਾਧ ਮੁਕਤ ਕਰਕੇ ਹੀ ਸਾਹ ਲਵਾਂਗੇ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਸਰਗਨਾ ਲਾਰੈਂਸ ਗਿਰੋਹ ਦੇ ਗੈਂਗਸਟਰ ਗੋਲਡੀ ਬਰਾੜ ਨੇ ਪੰਜਾਬ ਪੁਲਿਸ ਨੂੰ ਧਮਕੀ ਦਿੱਤੀ ਹੈ। ਗੋਲਡੀ ਨੇ ਕਿਹਾ ਕਿ ਸਾਡੇ ਭਰਾ ਸਾਰਜ ਸੰਧੂ, ਬੌਬੀ ਮਲਹੋਤਰਾ ਅਤੇ ਜਗਰੋਸ਼ਨ ਹੁੰਦਲ ਨੂੰ ਬਠਿੰਡਾ ਜੇਲ੍ਹ ਵਿੱਚ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਡੀਜੀਪੀ ਗੌਰਵ ਯਾਦਵ ਤੇ ਜੇਲ੍ਹ ਮੰਤਰੀ ਹਰਜੋਤ ਬੈਂਸ ਜੇਲ੍ਹ ਦੇ ਡਿਪਟੀ ਸੁਪਰਡੈਂਟ ਉਤੇ ਕਾਰਵਾਈ ਕਰਨ। ਜੇਕਰ ਇਸ ਨੂੰ ਨਾ ਰੋਕਿਆ ਗਿਆ ਤਾਂ ਮੂਸੇਵਾਲਾ ਕਤਲਕਾਂਡ ਵਰਗੀ ਵਾਰਦਾਤ ਨੂੰ ਅੰਜਾਮ ਦੇਣਾ ਪਵੇਗਾ। ਗੋਲਡੀ ਨੇ ਇਹ ਧਮਕੀ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।
ਗੋਲਡੀ ਨੇ ਲਿਖਿਆ ਹੈ- 'ਬਠਿੰਡਾ ਜੇਲ੍ਹ 'ਚ ਬੌਬੀ ਮਲਹੋਤਰਾ, ਸਾਰਜ ਸੰਧੂ ਤੇ ਜਗਰੋਸ਼ਨ ਹੁੰਦਲ ਨੂੰ ਡਿਪਟੀ ਇੰਦਰਜੀਤ ਕਾਹਲੋਂ ਤੰਗ ਕਰ ਰਿਹਾ ਹੈ। ਉਹ ਸਾਡੇ ਭਰਾਵਾਂ ਤੋਂ ਪੈਸੇ ਮੰਗਦਾ ਹੈ। ਉਸ ਨੇ ਬਿਨਾਂ ਵਜ੍ਹਾ ਇਨ੍ਹਾਂ ਦੀ ਕੁੱਟਮਾਰ ਕੀਤੀ ਹੈ। ਮੈਂ ਪੰਜਾਬ ਸਰਕਾਰ ਤੇ ਜੇਲ੍ਹ ਮੰਤਰੀ ਹਰਜੋਤ ਬੈਂਸ ਤੋਂ ਮੰਗ ਕਰਦਾ ਹਾਂ ਕਿ ਸਾਡੇ ਭਰਾਵਾਂ ਦੀ ਜੇਲ੍ਹ ਬਦਲੀ ਜਾਵੇ। ਡਿਪਟੀ ਸੁਪਰਡੈਂਟ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਜੇਕਰ ਸਾਡੇ ਭਰਾਵਾਂ ਦਾ ਕੋਈ ਨੁਕਸਾਨ ਹੋਇਆ ਤਾਂ ਉਸ ਦੀ ਜ਼ਿੰਮੇਵਾਰੀ ਜੇਲ੍ਹ ਪੁਲਿਸ ਦੀ ਹੋਵੇਗੀ।' ਬਾਕੀ ਆਖ਼ਰੀ ਗੱਲ ਇਹ ਹੈ ਕਿ ਜਿਹੜੇ ਵੀ ਸਾਡੇ ਐਂਟੀ ਪੋਸਟਾਂ ਪਾ ਰਹੇ ਹਨ ਕਿ ਅਸੀਂ ਬਦਲਾ ਲਵਾਂਗੇ। ਉਹ ਪਹਿਲਾਂ ਆਪਣੀ ਜਾਨ ਬਚਾ ਲੈਣ, ਬਾਕੀ ਬਾਅਦ ਵਿਚ ਦੇਖ ਲੈਣਾ। ਗੋਲਡੀ ਨੇ ਹੇਠਾਂ ਜੱਗੂ ਭਗਵਾਨਪੁਰੀਆ ਗਰੁੱਪ ਤੇ ਲਾਰੈਂਸ ਗਰੁੱਪ ਦਾ ਨਾਂ ਲਿਖਿਆ ਹੈ।
ਦੂਜੇ ਪਾਸੇ ਪਾਕਿਸਤਾਨ 'ਚ ਬੈਠਾ ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਐੱਸ.ਆਈ ਦਿਲਬਾਗ ਸਿੰਘ ਦੇ ਕਤਲ ਦੀ ਸਾਜ਼ਿਸ਼ ਨਾਕਾਮ ਰਹਿਣ ਕਾਰਨ ਭੜਕਿਆ ਹੋਇਆ। ਇਕ ਵੈੱਬ ਚੈਨਲ ਨੂੰ ਭੇਜੀ ਈਮੇਲ ਰਾਹੀਂ ਉਸ ਨੇ ਪੰਜਾਬ ਪੁਲਿਸ ਨੂੰ ਧਮਕੀ ਦਿੱਤੀ ਹੈ। ਕਿਹਾ ਹੈ ਕਿ ਸਾਡੇ ਭਗੌੜੇ ਸਾਥੀਆਂ ਦੇ ਪਰਿਵਾਰਾਂ ਨੂੰ ਤੰਗ ਕਰਨ ਵਾਲੇ ਪੁਲਿਸ ਅਫਸਰਾਂ ਦਾ ਠਿਕਾਣਾ ਲੁਕਿਆ ਨਹੀਂ ਹੈ। ਪੁਲਿਸ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਰਿੰਦਾ ਨੇ ਇਹ ਵੀ ਕਿਹਾ ਕਿ ਪੁਲਿਸ ਵਾਲਿਆਂ ਨੂੰ ਦਿੱਲੀ ਦਰਬਾਰ ਦੇ ਪਿੱਛਲੇ ਚੱਲ ਕੇ ਆਪਣਾ ਨੁਕਸਾਨ ਨਹੀਂ ਕਰਨਾ ਚਾਹੀਦਾ। ਈਮੇਲ ਵਿੱਚ ਲੁਧਿਆਣਾ ਪੁਲਿਸ ਦੇ ਸੀਆਈਏ ਸਟਾਫ-2 ਦੇ ਇੱਕ ਅਧਿਕਾਰੀ ਨਾਲ ਹੋਈ ਗੱਲਬਾਤ ਦਾ ਵੀ ਜ਼ਿਕਰ ਹੈ। ਦੂਜੇ ਪਾਸੇ ਕਾਰ 'ਚ ਬੰਬ ਰੱਖਣ ਦੇ ਦੋਸ਼ੀ ਦੀਪਕ ਨੇ ਪੁੱਛਗਿੱਛ 'ਚ ਕਈ ਰਾਜ਼ ਖੋਲ੍ਹੇ ਹਨ। ਦੋਸ਼ੀ ਨੇ ਫਰਜ਼ੀ ਦਸਤਾਵੇਜ਼ਾਂ 'ਤੇ ਸਿਮ ਵੇਚਣ ਵਾਲੇ ਇਕ ਹੋਰ ਸਾਥੀ ਦਾ ਨਾਂ ਵੀ ਦੱਸਿਆ ਹੈ।
ਤਰ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਮੁਲਜ਼ਮ ਦੀਪਕ ਘਟਨਾ ਤੋਂ ਬਾਅਦ ਕੁਝ ਦਿਨ ਆਪਣੇ ਸਾਥੀ ਨਾਲ ਲੁਧਿਆਣਾ ਵਿੱਚ ਵੀ ਰੁਕਿਆ ਸੀ। ਸੂਤਰਾਂ ਅਨੁਸਾਰ ਕੈਨੇਡਾ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਨਿਸ਼ਾਨੇ ਉਤੇ ਪੁਲਿਸ ਦੀਆਂ ਇਮਾਰਤਾਂ ਤੇ ਅਧਿਕਾਰੀਆਂ ਦੇ ਪਤੇ ਹਨ। ਲਖਬੀਰ 'ਤੇ ਆਪਣੇ ਗੁਰਗਿਆਂ ਰਾਹੀਂ ਡਾਕਟਰਾਂ, ਕਲਾਕਾਰਾਂ ਅਤੇ ਕਾਰੋਬਾਰੀਆਂ ਤੋਂ ਫਿਰੌਤੀ ਮੰਗਣ ਦਾ ਦੋਸ਼ ਹੈ। ਅਗਸਤ 2021 ਵਿੱਚ ਪੁਲਿਸ ਨੇ ਲਖਬੀਰ ਦੇ ਗੁਰਗੇ ਪ੍ਰੀਤ ਸੇਖੋਂ ਨੂੰ ਗ੍ਰਿਫਤਾਰ ਕੀਤਾ ਸੀ। ਸੇਖੋਂ ਨੇ ਹੀ ਲਖਬੀਰ ਦੇ ਫਿਰੌਤੀ ਦੇ ਕਾਰੋਬਾਰ ਦਾ ਰਾਜ਼ ਖੋਲ੍ਹਿਆ ਸੀ।
-PTC News
ਇਹ ਵੀ ਪੜ੍ਹੋ : ਹਾਈਕੋਰਟ ਨੇ ਪਠਾਨਕੋਟ, ਗੁਰਦਾਸਪੁਰ ਤੇ ਨੇੜਲੇ ਸਰਹੱਦੀ ਖੇਤਰ 'ਚ ਹਰ ਤਰ੍ਹਾਂ ਦੀ ਮਾਈਨਿੰਗ 'ਤੇ ਲਗਾਈ ਰੋਕ