ਚੰਡੀਗੜ੍ਹ : ਕੈਨੇਡਾ 'ਚ ਗੈਂਗਵਾਰ ਦੌਰਾਨ 2 ਪੰਜਾਬੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ, ਜਿਨ੍ਹਾਂ 'ਚੋਂ ਇਕ ਪੰਜਾਬੀ ਗੈਂਗਸਟਰ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਪੰਜਾਬੀ ਗੈਂਗਸਟਰ ਬ੍ਰਦਰਜ਼ ਕੀਪਰਜ਼ ਗੈਂਗ ਦੇ ਮਨਿੰਦਰ ਧਾਲੀਵਾਲ (29) ਦੀ ਮੌਤ ਹੋ ਗਈ। ਇਹ ਗੈਂਗਵਾਰ ਕੈਨੇਡਾ ਦੇ ਪਿੰਡ ਵਿੱਚ ਹੋਈ। ਇਸ ਦੌਰਾਨ ਟਰੱਕ ਡਰਾਈਵਰ ਸਤਿੰਦਰ ਗਿੱਲ ਦੀ ਵੀ ਗੋਲ਼ੀ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕੈਨੇਡਾ ਦੇ ਵੈਨਕੂਵਰ ਸ਼ਹਿਰ ਵਿੱਚ ਗੈਂਗਵਾਰ ਦੇ ਚਲਦਿਆਂ ਹੋਈ ਗੋਲੀਬਾਰੀ ਵਿੱਚ ਗੈਂਗਸਟਰ ਮਨਿੰਦਰ ਧਾਲੀਵਾਲ ਤੇ ਉਸ ਦਾ ਦੋਸਤ ਸਤਿੰਦਰ ਗਿੱਲ ਹਲਾਕ ਹੋ ਗਏ। ਇਹ ਦਾਅਵਾ ਇਕ ਰਿਪੋਰਟ ਵਿੱਚ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਧਾਲੀਵਾਲ ਬ੍ਰਦਰਜ਼ ਕੀਪਰਜ਼ ਗਿਰੋਹ ਨਾਲ ਸਬੰਧ ਰੱਖਦਾ ਸੀ। ਰਿਪੋਰਟ ਵਿੱਚ ਕਿਹਾ ਗਿਆ ਕਿ ਵੈਨਕੂਵਰ ਦੇ ਪਿੰਡ ਵਿਸਲਰ ਦੇ ਐਨ ਵਿਚਾਲੇ ਹੋਟਲ ਸਨਡਾਇਲ ਨੇੜੇ ਜਦੋਂ ਗੋਲੀਆਂ ਚੱਲੀਆਂ ਉਦੋਂ ਮਨਿੰਦਰ ਧਾਲੀਵਾਲ (29) ਨਾਲ ਉਸ ਦਾ ਦੋਸਤ ਸਤਿੰਦਰ ਗਿੱਲ ਵੀ ਮੌਜੂਦ ਸੀ। ਗਿੱਲ ਗਿਰੋਹ ਵਿੱਚ ਸ਼ਾਮਲ ਨਹੀਂ ਸੀ। ਗੋਲੀਬਾਰੀ ਦੌਰਾਨ ਧਾਲੀਵਾਲ ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦੋਂਕਿ ਗਿੱਲ ਨੇ ਹਸਪਤਾਲ ਜਾ ਕੇ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਦਿੱਤਾ। ਕੇਸ ਦੀ ਤਫ਼ਤੀਸ਼ ਕਰ ਰਹੀ ਟੀਮ ਨੇ ਕਿਹਾ ਕਿ ਗੋਲੀਬਾਰੀ ਦੋ ਧੜਿਆਂ ਦੀ ਗੈਂਗਵਾਰ ਦਾ ਸਿੱਟਾ ਹੈ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਗੋਲੀ ਚਲਾਉਣ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੌਕੇ 'ਤੇ ਮੌਜੂਦ ਵਿਅਕਤੀ ਨੇ ਦੱਸਿਆ ਕਿ 10 ਗੋਲ਼ੀਆਂ ਚੱਲੀਆਂ ਹੋਣਗੀਆਂ, ਜਿਸ ਕਾਰਨ ਇਲਾਕੇ 'ਚ ਸਨਸਨੀ ਫੈਲ ਗਈ ਅਤੇ ਲੋਕ ਭੱਜ ਕੇ ਦੁਕਾਨਾਂ ਦੇ ਅੰਦਰ ਚਲੇ ਗਏ। ਇਸ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਸਤਿੰਦਰ ਗਿੱਲ ਜੋ ਆਪਣੇ ਪਰਿਵਾਰ ਦੀ ਕੰਕਰੀਟ ਕੰਪਨੀ ਨਾਲ ਕੰਮ ਕਰਦਾ ਸੀ, ਆਪਣਾ ਜਨਮ ਦਿਨ ਮਨਾਉਣ ਗਿਆ ਸੀ। ਗਿੱਲ ਦਾ ਗਿਰੋਹ ਨਾਲ ਕੋਈ ਸਬੰਧ ਨਹੀਂ ਸੀ। ਮਨਿੰਦਰ ਧਾਲੀਵਾਲ, ਬਰਿੰਦਰ ਧਾਲੀਵਾਲ ਅਤੇ ਹਰਬ ਧਾਲੀਵਾਲ ਸਾਰੇ ਬ੍ਰਦਰਜ਼ ਕੀਪਰ ਗਰੁੱਪ ਦੇ ਗੁਰਗੇ ਮੰਨੇ ਜਾਂਦੇ ਸਨ। ਹੁਣ ਤੱਕ ਦੋ ਭਰਾ ਗੈਂਗਵਾਰ ਵਿੱਚ ਮਾਰੇ ਜਾ ਚੁੱਕੇ ਹਨ। ਬਰਿੰਦਰ ਧਾਲੀਵਾਲ ਸਭ ਤੋਂ ਵੱਡਾ ਹੈ। ਇਹ ਵੀ ਪੜ੍ਹੋ : ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਨਾਲ ਖਿੱਚ-ਧੂਹ