1 ਜੁਲਾਈ ਤੋਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ 'ਤੇ ਲੱਗੇਗੀ ਰੋਕ

By  Pardeep Singh June 21st 2022 06:28 PM

ਪਟਿਆਲਾ : ਕੇਂਦਰ ਸਰਕਾਰ ਨੇ 1 ਜੁਲਾਈ, 2022 ਤੋਂ ਦੇਸ਼ ਭਰ ਵਿੱਚ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਹੈ। ਇਸ ਦੇ ਲਈ ਹਰ ਰਾਜ ਨੇ ਆਪਣੇ ਪੱਧਰ 'ਤੇ ਜ਼ਰੂਰੀ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਮੰਗਲਵਾਰ ਨੂੰ ਮੇਅਰ ਸੰਜੀਵ ਸ਼ਰਮਾ ਬਿੱਟੂ ਅਤੇ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਨੇ ਸਾਂਝੇ ਤੌਰ 'ਤੇ ਕੌਂਸਲਰਾਂ ਅਤੇ ਸੈਨੇਟਰੀ ਇੰਸਪੈਕਟਰਾਂ ਨਾਲ ਮੀਟਿੰਗ ਕੀਤੀ ਤੇ ਪੰਜਾਬ ਸਰਕਾਰ ਦੀ ਇਸ ਤਿਆਰੀ ਨੂੰ ਖੁਸ਼ਹਾਲ ਬਣਾਉਣ ਲਈ ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ ਸਬੰਧੀ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਬਾਰੇ ਵਿਸਥਾਰ ਚ੍ ਚਰਚਾ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮੇਅਰ ਨੇ ਕਮਿਸ਼ਨਰ ਅਦਿੱਤਿਆ ਉੱਪਲ ਵੱਲੋਂ ਸ਼ਹਿਰ ਦੀ ਸਫ਼ਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਦਿਨ-ਰਾਤ ਮਿਹਨਤ ਕਰ ਰਹੇ ਸੈਨੇਟਰੀ ਇੰਸਪੈਕਟਰਾਂ ਦੀ ਪਿੱਠ ਥਪਥਪਾਈ। ਮੇਅਰ ਨੇ ਕਿਹਾ ਕਿ ਵਾਤਾਵਰਨ ਦੀ ਸੁਰੱਖਿਆ ਲਈ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਬੰਦ ਕਰਨੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਿਸ ਪਲਾਸਟਿਕ ਨੂੰ ਰੀਸਾਈਕਲ ਨਹੀਂ ਕੀਤਾ ਜਾ ਸਕਦਾ, ਉਸ ਨੂੰ ਸਫ਼ਾਈ ਦੌਰਾਨ ਜ਼ਮੀਨ ਤੋਂ ਚੁੱਕਣਾ ਵੀ ਮੁਸ਼ਕਲ ਹੈ, ਅਜਿਹੇ ਪਲਾਸਟਿਕ ਦੀ ਮਨੁੱਖੀ ਜੀਵਨ ਵਿੱਚ ਕੋਈ ਥਾਂ ਨਹੀਂ ਹੋਣੀ ਚਾਹੀਦੀ। ਮੇਅਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਰੇਕ ਵਿਅਕਤੀ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਪ੍ਰਤੀ ਜਾਗਰੂਕ ਹੋ ਕੇ ਆਪਣਾ ਭਵਿੱਖ ਸੁਖਾਲਾ ਬਣਾਉਣ। ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿੰਗਲ ਯੂਜ਼ ਪਲਾਸਟਿਕ ਉਹ ਪਲਾਸਟਿਕ ਹੈ ਜਿਸ ਦੀ ਇੱਕ ਵਾਰ ਵਰਤੋਂ ਕਰਨ ਤੋਂ ਬਾਅਦ ਕੂੜੇ ਵਿੱਚ ਸੁੱਟ ਦਿੱਤਾ ਜਾਂਦਾ ਹੈ। ਇਹ ਸਿੰਗਲ ਯੂਜ਼ ਪਲਾਸਟਿਕ ਵੇਸਟ ਦੇ ਸਹੀ ਨਿਪਟਾਰੇ ਵਿੱਚ ਇੱਕ ਵੱਡੀ ਰੁਕਾਵਟ ਬਣ ਰਿਹਾ ਹੈ। ਸ਼ਹਿਰ ਵਿੱਚੋਂ ਰੋਜ਼ਾਨਾ ਪੈਦਾ ਹੋਣ ਵਾਲੇ 140 ਟਨ ਕੂੜੇ ਵਿੱਚ ਟੌਫ਼ੀਆਂ ਦੇ ਰੈਪ, ਲਾਲੀਪਾਪ ਜਾਂ ਕੁਲਫੀ ਦੀਆਂ ਪਲਾਸਟਿਕ ਸਟਿਕਸ, ਪਾਨ ਮਸਾਲਾ ਅਤੇ ਸ਼ੈਂਪੂ ਦੇ ਪਾਊਚ, ਪਲਾਸਟਿਕ ਦੇ ਝੰਡੇ, ਝੰਡੇ ਵਿੱਚ ਪਾਈਆਂ ਗਈਆਂ ਪਲਾਸਟਿਕ ਦੀਆਂ ਸਟਿਕਸ, ਗੁਬਾਰੇ, ਗੁਬਾਰੇ ਵਿੱਚ ਲੱਗਣ ਵਾਲੀ ਪਲਾਸਟਿਕ ਦੀਆਂ ਡੰਡੀਆਂ, ਪਲਾਸਟਿਕ ਦੇ ਟੂਥ-ਪਿਕ, ਸਿਗਰਟ ਦੇ ਪੈਕੇਟ, ਬੈਨਰ, ਵਿਆਹ ਦੇ ਕਾਰਡ, ਇਅਰ-ਬ੍ਰਡ, ਥਰਮੋਕੋਲ ਜਾ ਪਲਾਸਟਿਕ ਨਾਲ ਬਣੀਆਂ ਸਜਾਵਟੀ ਵਸਤੂਆਂ, ਥਰਮੋਕੋਲ-ਪਲਾਸਟਿਕ ਦੇ ਕੱਪ, ਗਲਾਸ, ਪਲੇਟਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਲਾਸਟਿਕ ਦੇ ਲਿਫਾਫਿਆਂ ਦਾ ਸਥਾਈ ਪ੍ਰਬੰਧ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਨਗਰ ਨਿਗਮ ਕਮਿਸ਼ਨਰ ਨੇ ਕਿਹਾ ਕਿ ਸ਼ੁਰੂ ਵਿੱਚ ਇਸ ਨਵੀਂ ਜ਼ਿੰਮੇਵਾਰੀ ਨੂੰ ਨਿਭਾਉਣਾ ਔਖਾ ਲੱਗ ਸਕਦਾ ਹੈ, ਪਰ ਫਲਾਂ ਅਤੇ ਸਬਜ਼ੀਆਂ ਦੀ ਖਰੀਦਦਾਰੀ ਲਈ ਕੱਪੜੇ ਦੇ ਥੈਲਿਆਂ ਦੀ ਵਰਤੋਂ ਕਰਕੇ ਸ਼ਹਿਰ ਵਾਸੀ ਆਪਣੀਆਂ ਆਦਤਾਂ ਬਦਲਣ ਦੀ ਕੋਸ਼ਿਸ਼ ਕਰ ਸਕਦੇ ਹਨ। ਨਿਗਮ ਕਮਿਸ਼ਨਰ ਅਨੁਸਾਰ ਸਿੰਗਲ ਯੂਜ਼ ਪਲਾਸਟਿਕ ਸਬੰਧੀ ਜਾਰੀ ਕੀਤੇ ਗਏ ਨਵੇਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਚਲਾਨ ਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਕੌਂਸਲਰ ਵਿਜੇ ਕੂਕਾ, ਅਤੁਲ ਜੋਸ਼ੀ, ਗਿੰਨੀ ਨਾਗਪਾਲ, ਪ੍ਰੋਮਿਲਾ ਮਹਿਤਾ, ਜਰਨੈਲ ਸਿੰਘ, ਗੁਰਿੰਦਰ ਕੌਰ, ਹਰੀਸ਼ ਨਾਗਪਾਲ, ਸ਼ੰਮੀ ਕੁਮਾਰ, ਸੰਦੀਪ ਮਲਹੋਤਰਾ, ਸੰਜੇ ਸ਼ਰਮਾ, ਸੋਨੀਆ ਕਪੂਰ, ਵਰਸ਼ਾ ਕਪੂਰ, ਰਾਜੇਸ਼ ਮੰਡੋਰਾ, ਸੁਖਵਿੰਦਰ ਸਿੰਘ ਸੋਨੂੰ, ਚੀਫ ਸੈਨੇਟਰੀ ਇੰਸਪੈਕਟਰ ਸੰਜੀਵ ਕੁਮਾਰ, ਸਮੂਹ ਸੈਨੇਟਰੀ ਇੰਸਪੈਕਟਰ ਅਤੇ ਪ੍ਰੋਗਰਾਮ ਕੋਆਰਡੀਨੇਟਰ ਮੁੱਖ ਤੌਰ 'ਤੇ ਹਾਜ਼ਰ ਸਨ। ਇਹ ਵੀ ਪੜ੍ਹੋ:ਕੋਰਟ ਨੇ ਆਈਏਐਸ ਸੰਜੇ ਪੋਪਲੀ ਤੇ ਸਹਾਇਕ ਨੂੰ ਪੁਲਿਸ ਰਿਮਾਂਡ ‘ਤੇ ਭੇਜਿਆ -PTC News

Related Post