ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਕਾਂਗਰਸ ਨਾਲ 50 ਸਾਲ ਪੁਰਾਣਾ ਤੋੜਿਆ ਰਿਸ਼ਤਾ

By  Pardeep Singh January 14th 2022 12:44 PM

ਫਗਵਾੜਾ: ਸੂਬੇ ਵਿੱਚ ਕਾਂਗਰਸ ਪਾਰਟੀ ਦੇ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਵੱਡੇ ਚਿਹਰੇ ਅਤੇ ਸਾਬਕਾ ਮੰਤਰੀ ਪੰਜਾਬ ਜੋਗਿੰਦਰ ਸਿੰਘ ਮਾਨ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ (ਕੈਬਨਿਟ ਰੈਂਕ) ਦੇ ਚੇਅਰਮੈਨ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਹੈ, ਜਿਸ ਨਾਲ ਉਨ੍ਹਾਂ ਦਾ ਕਾਂਗਰਸ ਨਾਲ 50 ਸਾਲ ਪੁਰਾਣਾ ਰਿਸ਼ਤਾ ਟੁੱਟ ਗਿਆ ਹੈ। ਸੋਨੀਆ ਗਾਂਧੀ ਨੂੰ ਲਿਖੇ ਭਾਵੁਕ ਪੱਤਰ ਵਿੱਚ ਫਗਵਾੜਾ ਤੋਂ ਤਿੰਨ ਵਾਰ ਵਿਧਾਇਕ, ਸਵ. ਬੇਅੰਤ ਸਿੰਘ, ਸਵ. ਐਚ.ਐਸ. ਬਰਾੜ, ਰਜਿੰਦਰ ਕੌਰ ਭੱਠਲ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਮੰਡਲ ਵਿੱਚ ਮੰਤਰੀ ਰਹਿ ਚੁੱਕੇ ਜੋਗਿੰਦਰ ਸਿੰਘ ਮਾਨ ਨੇ ਕਿਹਾ ਹੈ ਕਿ ਮੇਰਾ ਸੁਪਨਾ ਸੀ ਕਿ ਜਦੋਂ ਮੈਂ ਮਰਾਂਗਾ ਤਾਂ ਟਕਸਾਲੀ ਕਾਂਗਰਸੀ ਹੋਣ ਕਰਨ ਮੇਰਾ ਸਰੀਰ ਤਿਰੰਗੇ ਵਿੱਚ ਲਪੇਟਿਆ ਜਾਵੇਗਾ ਪਰ ਕਾਂਗਰਸ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਦੋਸ਼ੀਆਂ ਦੀ ਸਰਪ੍ਰਸਤੀ ਨਾਲ ਮੇਰੀ ਜ਼ਮੀਰ ਮੈਨੂੰ ਇਸ ਪਾਰਟੀ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਅਤੇ ਹੋਰਾਂ ਵਰਗੇ ਮਹਾਰਾਜੇ, ਜਾਗੀਰਦਾਰ, ਪੈਸੇ ਵਾਲੇ ਅਤੇ ਮੌਕਾਪ੍ਰਸਤ ਆਗੂ ਨਿੱਜੀ ਹਿੱਤਾਂ ਲਈ ਪਾਰਟੀ ਵਿੱਚ ਆਏ ਸਨ, ਜਿਸ ਕਾਰਨ ਪਾਰਟੀ ਆਪਣੀਆਂ ਮੂਲ ਕਦਰਾਂ-ਕੀਮਤਾਂ ਤੋਂ ਦੂਰ ਹੋ ਗਈ ਹੈ ਅਤੇ ਸਿਰਫ਼ ਚੋਣਾਂ ਲੜਨ ਵੱਲ ਤੇ ਰਾਜ ਸ਼ਕਤੀ ਪ੍ਰਾਪਤ ਕਰਨ ਵੱਲ ਹੀ ਧਿਆਨ ਕੇਂਦਰਿਤ ਰਹਿ ਗਿਆ ਹੈ। ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਦਾ ਕਹਿਣਾ ਹੈ ਕਿ ਕਾਂਗਰਸ ਵੱਲੋਂ ਡਾ. ਬੀ .ਆਰ ਅੰਬੇਡਕਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੋਟਾਲੇ ਦੇ ਦੋਸ਼ੀਆਂ ਦੀ ਪੁਸ਼ਤਪਨਾਹੀ ਅਤੇ ਫਗਵਾੜਾ ਨੂੰ ਜ਼ਿਲ੍ਹਾ ਨਾ ਬਣਾਉਣ ਦਾ ਦੁੱਖ ਹੈ। ਮਾਨ ਨੇ ਇਹ ਵੀ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਪਾਰਟੀ ਵਾਲਮੀਕਿ/ਮਜ਼੍ਹਬੀ ਸਿੱਖ ਭਾਈਚਾਰੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੀ ਆ ਰਹੀ ਹੈ ਅਤੇ ਪਾਰਟੀ ਨੇ ਹਮੇਸ਼ਾਂ ਹੀ ਭਾਈਚਾਰੇ ਦੀ ਭਲਾਈ ਨੂੰ ਯਕੀਨੀ ਬਣਾਉਣ ਅਤੇ ਇਸ ਨੂੰ ਬਣਦੀ ਨੁਮਾਇੰਦਗੀ ਦੇਣ ਦੀ ਪ੍ਰਵਾਹ ਕੀਤੇ ਬਿਨਾਂ, ਸਿਰਫ਼ ਵੋਟ ਬੈਂਕ ਵਜੋਂ ਵਰਤਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਪੰਜਾਬ ਦੇ ਇਤਿਹਾਸ ਵਿੱਚ ਸ਼ਾਇਦ ਪਹਿਲੀ ਸਰਕਾਰ ਹੈ ਜਿਸ ਵਿੱਚ ਕੋਈ ਵੀ ਵਾਲਮੀਕਿ/ਮਜ਼੍ਹਬੀ ਸਿੱਖ ਮੰਤਰੀ ਨਹੀਂ ਸੀ, ਬਾਵਜੂਦ ਇਸ ਤੱਥ ਦੇ ਕਿ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਵੀ ਦੋ ਸਾਲਾਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਇੱਕ ਪਦ ਖਾਲੀ ਸੀ ਪਰ ਪਾਰਟੀ ਨੇ ਇਸ ਭਾਈਚਾਰੇ ਪ੍ਰਤੀਨਿਧਤਾ ਦੇਣ ਦੀ ਬਜਾਏ ਭਾਈਚਾਰੇ ਦੇ ਲੱਖਾਂ ਭਰਾਵਾਂ ਦਾ ਬਹੁਤ ਵੱਡਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਦੇ ਉਹ ਵੀ ਹਾਲਾਤ ਸਨ ਜਦੋਂ ਪੰਜਾਬ ਵਿੱਚ ਕਾਂਗਰਸ ਦਾ ਕੋਈ ਨਾਮ ਲੈਣ ਨੂੰ ਤਿਆਰ ਨਹੀਂ ਸੀ ਪਰ ਉਨ੍ਹਾਂ ਉਸ ਕਾਲੇ ਸਮੇਂ ਦੌਰਾਨ ਵੀ ਆਪਣੇ ਪਰਿਵਾਰ ਦੇ ਅੱਠ ਮੈਂਬਰ ਗੁਆ ਦਿੱਤੇ ਸਨ ਪਰ ਪਾਰਟੀ ਪ੍ਰਤੀ ਵਫਾਦਾਰੀ ਨਹੀਂ ਸੀ ਛੱਡੀ। ਉਨ੍ਹਾਂ ਕਿਹਾ ਕਿ ਮੈਂ ਪੰਜ ਦਹਾਕਿਆਂ ਤੱਕ ਪਾਰਟੀ ਦਾ ਵਫ਼ਾਦਾਰ ਸਿਪਾਹੀ ਰਿਹਾ ਪਰ ਜ਼ਾਹਰ ਹੈ ਕਿ ਹੁਣ ਪਾਰਟੀ ਨੂੰ ਸਾਡੀ ਲੋੜ ਨਹੀਂ ਰਹੀ, ਇਸ ਲਈ ਸਾਡੀ ਵਫ਼ਾਦਾਰੀ ਨੂੰ ਸਾਡੀ ਕਮਜ਼ੋਰੀ ਮੰਨਿਆ ਜਾਂਦਾ ਹੈ ਪਰ ਅਜਿਹਾ ਨਹੀਂ ਹੈ ਕਿਉਂਕਿ ਉਹ ਫਗਵਾੜਾ ਵਾਸੀਆਂ ਅਤੇ ਖਾਸ ਤੌਰ 'ਤੇ ਕਾਂਗਰਸ ਤੋਂ ਬਿਨਾਂ ਵੀ ਕਮਜ਼ੋਰ ਅਤੇ ਪਛੜੇ ਵਰਗਾਂ ਲਈ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ​​ਹਨ। ਇਹ ਵੀ ਪੜ੍ਹੋ:ਕਾਂਗਰਸੀ ਉਮੀਦਵਾਰਾਂ ਦੀ ਪਹਿਲੀ ਲਿਸਟ ਜਲਦ ਹੋ ਸਕਦੀ ਹੈ ਜਾਰੀ -PTC News

Related Post