ਸਾਬਕਾ ਡੀਜੀਪੀ ਭਾਵਰਾ ਨੇ ਪੰਜਾਬ ਸਰਕਾਰ ਦੇ ਨੋਟਿਸ ਦਾ ਦਿੱਤਾ ਜਵਾਬ, ਉਲਟਾ ਪੁੱਛੇ ਕਈ ਸਵਾਲ
ਚੰਡੀਗੜ੍ਹ : ਸਾਬਕਾ ਡੀਜੀਪੀ ਵੀਕੇ ਭਾਵਰਾ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਨੋਟਿਸ ਦਾ ਜਵਾਬ ਦੇ ਦਿੱਤਾ ਹੈ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਸਾਬਕਾ ਡੀਜੀਪੀ ਵੱਲੋਂ ਦਿੱਤੇ ਗਏ ਜਵਾਬ ਵਿਚ ਉਲਟਾ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਵੀ ਕਈ ਸਵਾਲ ਕੀਤੇ ਹਨ, ਜਿਸ ਨਾਲ ਵਿਵਾਦ ਹੋਰ ਵੱਧਣ ਦਾ ਖ਼ਦਸ਼ਾ ਹੈ। ਸਾਬਕਾ ਡੀਜੀਪੀ ਵੀਕੇ ਭਾਵਰਾ ਨੇ ਪੰਜਾਬ ਸਰਕਾਰ ਵੱਲੋਂ ਨੋਟਿਸ ਦਾ ਜ਼ੋਰਦਾਰ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਲਗਭਗ 25 ਕਾਊਂਟਰ ਸਵਾਲ ਕੀਤੇ ਹਨ। ਖਾਸ ਤੌਰ ਉਤੇ ਉਨ੍ਹਾਂ ਨੇ ਨੋਟਿਸ ਦਾ ਜਵਾਬ ਦੇਣ ਦੀ ਬਜਾਏ ਸਰਕਾਰ ਅੱਗੇ ਹੀ ਸਵਾਲਾਂ ਦੀ ਝੜੀ ਲਗਾ ਦਿੱਤੀ ਹੈ ਤੇ ਆਪਣੇ ਉਪਰ ਲਗਾਏ ਗਏ ਦੋਸ਼ਾਂ ਦਾ ਰਿਕਾਰਡ ਦੇਣ ਨੂੰ ਕਿਹਾ ਹੈ। ਹਾਲਾਂਕਿ ਉਨ੍ਹਾਂ ਦੇ ਜਵਾਬ ਦਾ ਵੇਰਵਾ ਨਹੀਂ ਮਿਲ ਸਕਿਆ ਹੈ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਵਿਵਾਦ ਅਜੇ ਰੁਕਿਆ ਨਹੀਂ ਹੈ।
ਹਾਲ ਹੀ ਵਿਚ ਵੀਕੇ ਭਾਵਰਾ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਲਗਾਇਆ ਗਿਆ ਹੈ। ਕਾਬਿਲੇਗੌਰ ਹੈ ਕਿ 2 ਮਹੀਨੇ ਪਹਿਲਾਂ ਵੀਕੇ ਭਵਰਾ ਛੁੱਟੀ ਉਤੇ ਚਲੇ ਗਏ ਸਨ ਤੇ ਉਨ੍ਹਾਂ ਨੇ ਕੇਂਦਰੀ ਡੈਪੂਟੇਸ਼ਨ ਦੀ ਮੰਗ ਕੀਤੀ ਸੀ। ਹੁਣ 2 ਮਹੀਨੇ ਦੀ ਛੁੱਟੀ ਖ਼ਤਮ ਹੋਣ ਮਗਰੋਂ ਸਰਕਾਰ ਨੇ ਉਨ੍ਹਾਂ ਨੂੰ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਲਗਾ ਦਿੱਤਾ ਹੈ।
ਦੱਸਣਯੋਗ ਹੈ ਕਿ ਦੋ ਮਹੀਨੇ ਪਹਿਲਾਂ ਛੁੱਟੀ 'ਤੇ ਗਏ ਵੀਰੇਸ਼ ਕੁਮਾਰ ਭਵਰਾ ਦੀ ਵਾਪਸੀ ਤੋਂ ਪਹਿਲਾਂ ਸਰਕਾਰ ਨੇ ਉਨ੍ਹਾਂ ਦੀ ਛੁੱਟੀ ਵਧਾਉਣ ਲਈ ਕਿਹਾ ਸੀ ਪਰ ਭਾਵਰਾ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਉਸ 'ਤੇ ਦਬਾਅ ਬਣਾਉਣ ਲਈ ਪੰਜਾਬ ਸਰਕਾਰ ਨੇ ਸਿੱਧੂ ਮੂਸੇਵਾਲਾ ਨੂੰ ਸੁਰੱਖਿਆ ਨਾ ਵਧਾਉਣ ਤੇ ਖੁਫੀਆ ਵਿਭਾਗ 'ਤੇ ਹਮਲੇ ਲਈ ਨੋਟਿਸ ਜਾਰੀ ਕੀਤਾ ਸੀ।
ਹੁਣ ਵੀਕੇ ਭਵਰਾ ਨੇ ਗ੍ਰਹਿ ਵਿਭਾਗ ਵੱਲੋਂ ਉਨ੍ਹਾਂ ਨੂੰ ਜਾਰੀ ਨੋਟਿਸ ਦਾ ਜਵਾਬ ਦੇ ਕੇ ਇਹ ਵਿਵਾਦ ਫਿਰ ਛੇੜ ਦਿੱਤਾ ਹੈ। ਖਾਸ ਤੌਰ 'ਤੇ ਜਦੋਂ ਨੋਟਿਸ ਦਾ ਸਿੱਧਾ ਜਵਾਬ ਦੇਣ ਦੀ ਬਜਾਏ ਉਸ ਨੇ ਸਰਕਾਰ 'ਤੇ ਹੀ 25 ਸਵਾਲਾਂ ਦੀ ਭੜਾਸ ਕੱਢੀ ਹੈ ਤੇ ਆਪਣੇ 'ਤੇ ਲੱਗੇ ਦੋਸ਼ਾਂ ਦਾ ਰਿਕਾਰਡ ਦੇਣ ਲਈ ਕਿਹਾ ਹੈ।