ਸਾਬਕਾ CM ਚੰਨੀ ਮਾਨ ਸਰਕਾਰ ਦੇ ਨਿਸ਼ਾਨੇ ’ਤੇ, 142 ਕਰੋੜ ਦੀ ਗ੍ਰਾਂਟ ਵੰਡਣ ਦੀ ਹੋਵੇਗੀ ਜਾਂਚ
ਚੰਡੀਗੜ੍ਹ: ਪੰਜਾਬ ਸਰਕਾਰ ਭ੍ਰਿਸ਼ਟਾਚਾਰ ਦੇ ਖਿਲਾਫ ਲਗਾਤਾਰ ਕੰਮ ਕਰ ਰਹੀ ਹੈ। ਭ੍ਰਿਸ਼ਟਾਚਾਰ ਨੂੰ ਲੈ ਕੇ ਉਨ੍ਹਾਂ ਵੱਲੋਂ ਆਪਣੇ ਕੈਬਨਿਟ ਮੰਤਰੀ ਤੋਂ ਲੈ ਕੇ ਕਈ ਹੋਰ ਸਿਆਸੀ ਆਗੂਆਂ ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਿਸ਼ਾਨੇ ’ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਆ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਰਡਾਰ 'ਤੇ ਸਾਬਕਾ ਸੀਐਮ ਚਰਨਜੀਤ ਚੰਨੀ ਵੀ ਆ ਗਏ ਹਨ। ਚੰਨੀ ਦੇ ਮੁੱਖ ਮੰਤਰੀ ਸਮੇਂ 142 ਕਰੋੜ ਦੀ ਗ੍ਰਾਂਟ ਆਈ ਸੀ। ਜੋ ਕਿ ਰੋਪੜ ਜ਼ਿਲ੍ਹੇ ਵਿੱਚ ਹੀ ਵੰਡਿਆ ਗਿਆ ਸੀ। ਇਸ ਵਿਚ ਇਕੱਲੇ ਚੰਨੀ ਦੇ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਨੂੰ ਵੀ 60 ਫੀਸਦੀ ਗਰਾਂਟ ਦਿੱਤੀ ਗਈ। ਇਸ ਗਰਾਂਟ ਦੀ ਵਰਤੋਂ ਕਿੱਥੇ ਹੋਈ ਇਸ ਦੀ ਜਾਂਚ ਲਈ ਸੀਐਮ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਵਿਸ਼ੇਸ਼ ਜਾਂਚ ਕਮੇਟੀ ਬਣਾਈ ਹੈ। ਦੂਜੇ ਪਾਸੇ ਚੰਨੀ ਇਸ ਸਮੇਂ ਦੇਸ਼ ਤੋਂ ਬਾਹਰ ਹਨ, ਇਸ ਲਈ ਉਨ੍ਹਾਂ ਦੀ ਇਸ 'ਤੇ ਪ੍ਰਤੀਕਿਰਿਆ ਨਹੀਂ ਮਿਲ ਸਕੀ ਹੈ। ਪੰਜਾਬ ਨਿਰਮਾਣ ਪ੍ਰੋਗਰਾਮ ਤਹਿਤ ਸਰਕਾਰ ਨੂੰ ਇਹ 142 ਕਰੋੜ ਰੁਪਏ ਦੀ ਗ੍ਰਾਂਟ ਮਿਲੀ ਸੀ। ਜਿਸ ਨੂੰ ਚਮਕੌਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਰੋਪੜ ਵਿੱਚ ਵੰਡਿਆ ਗਿਆ। ‘ਆਪ’ ਸਰਕਾਰ ਵੱਲੋਂ ਬਣਾਈ ਗਈ ਜਾਂਚ ਟੀਮ ਨੇ ਤਿੰਨੋਂ ਥਾਵਾਂ ’ਤੇ ਸਥਿਤ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ (ਬੀਡੀਪੀਓ) ਦਫ਼ਤਰਾਂ ਦਾ ਰਿਕਾਰਡ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।